ਅਲਿਫ਼-ਉਹਨਾਂ ਸੋਹਣਿਆਂ ਖੂਬਸੂਰਤਾਂ ਅੰਦਰ,
ਜਲਵਾ ਭੀ ਮੈਂਡੇ ਯਾਰ ਦਾ ਏ ।
ਇਹ ਗੁਲ ਗੁਲ ਰੰਗ ਰੰਗਾ ਚਮਨ ਦਾ ਭੀ,
ਹੁਸਨ ਬਸੰਤ ਬਹਾਰ ਦਾ ਏ ।
ਉਹਨਾਂ ਮੂਰਤਾਂ ਸੰਗੀਂ ਦੇ ਵਿੱਚ,
ਲਾਲ ਦਾ ਰੰਗ ਸਵਾਰਦਾ ਏ ।
ਇਹ ਤਾਲ ਬੇਤਾਲ ਇਹਨਾਂ ਕੰਚਨੀਆਂ ਦਾ,
ਨਚਾਉ ਵਡੇ ਹੰਕਾਰ ਦਾ ਏ ।
ਇਹ ਥਈਆ ਥਈਆ ਛਣ ਛਣ ਭੀ,
ਘੁੰਗਰੂ ਦੀ ਛਣਕਾਰ ਦਾ ਏ ।
ਇਸ ਦਾਮ ਦਿਰਮ ਦੀ ਛਣਕ ਛਣਕ ਜੋ,
ਦਾਨ ਇਸ ਦੇਵਣ ਹਾਰ ਦਾ ਏ ।
ਉਸ ਦਾਨੇ ਦਾਨਾ ਜੇਹੇ ਬਹਾਰ ਦੇ ਅੰਦਰ,
ਆਤਿਸ਼ ਦੀ ਭੜਕਾਰ ਦਾ ਏ ।
ਜੇ ਮਨਸੂਰ ਅਨਲਹਕ ਆਖਿਆ,
ਜਾਨਸ਼ੀਨ ਸਰਦਾਰ ਦਾ ਏ ।
ਜਿਸ ਕਪੀ ਏ ਸ਼ਹਰਗ ਅਪਣੀ,
ਸੋਈ ਵਾਕਫ਼ ਉਸ ਗੁਫਤਾਰ ਦਾ ਏ ।
ਜਿਹੜਾ ਮਹਰਮ ਥੀਆ ਵਿੱਚ ਕੁਰਬ ਦਰੀਦ ਦੇ,
ਮਹਰਮ ਅਸਰਾਰ ਦਾ ਏ ।
ਉਹ ਬੇਲੀ ਬੇਲੇ ਥੋਂ ਬਾਹਰ ਨ ਪਰ,
ਬੇਲਾ ਧੁੰਦੂਕਾਰ ਦਾ ਏ ।
ਜਿਹੜਾ ਬੇਲੀ ਦੇ ਨਾਲ ਬੇਲੀ ਹੋਵੇ,
ਸੋ ਅਪਣੀ ਜ਼ਾਤ ਇਨਕਾਰ ਦਾ ਏ ।
ਬੇਲਾ ਭੀ ਅਤੇ ਬੇਲੀ ਬੇਲੀ,
ਹੀਰ ਦੇ ਕਹਣੇ ਸਾਰਦਾ ਏ ।
ਹੈਦਰ ਮਹੀਂ ਦਾ ਕੱਢ ਸਿੰਗ ਅਨਾ,
ਮਾਹੀ ਖੁੰਡੀ ਸਾਰ ਦਾ ਏ ।੩੬।