ਅੱਲ੍ਹਾ-ਅੱਲ੍ਹਾ ਕਹਿਣ ਵਾਲੇ ਵੀ।

ਅੱਲ੍ਹਾ-ਅੱਲ੍ਹਾ ਕਹਿਣ ਵਾਲੇ ਵੀ।

ਵਿੱਚ ਤਾਬਿਆ ਬਹਿਣ ਵਾਲੇ ਵੀ।

ਨਾਲ ਈਰਖਾ ਲੱਦੇ ਹੋਏ ਆ...

ਕੋਲ ਉਹਦੇ ਨਿੱਤ ਰਹਿਣ ਵਾਲੇ ਵੀ॥

ਧਰਮੀ” ਦੱਸ ਕੋਈ ਮੇਰੇ ਵਰਗਾ।

ਕਰਮੀ” ਦੱਸ ਕੋਈ ਮੇਰੇ ਵਰਗਾ।

ਛਿੱਲੜਾਂ ਤੇ ਜਦ ਵਿੱਕ ਜਾਨਾਂ ਹਾਂ...

ਬੇਸ਼ਰਮੀ” ਦੱਸ ਕੋਈ ਮੇਰੇ ਵਰਗਾ॥

ਕਹਿੰਦਾ ਨਿੱਤ ਦਾ ਨੇਮ ਬੜਾ ਏ।

ਬਣ-ਬਣ ਬਹਿੰਦਾ ਸੇਮ ਬੜਾ ਏ।

ਬੇਸ਼ੱਕ ਚੱਪਲੀ ਚੱਟਣੀ ਪੈ ਜਾਏ...

ਤਮਾਂ ਭਾਲਦੀ ਫੇਮ ਬੜਾ ਏ॥

ਵੇਖਣ ਨੂੰ ਸਰਦਾਰ ਬਹੁਤ ਆਂ।

ਹੈਂਕੜ ਦਾ ਪਰ ਯਾਰ ਬਹੁਤ ਆਂ।

ਦੁਨੀਆਂ ਸਾਵੇਂ ਰੱਬ ਦੇ ਘਰ ਦਾ,,

ਉੰਝ ਤਾਂ ਸੇਵਾਦਾਰ ਬਹੁਤ ਆਂ॥

ਮਰਿਆਦਾ ਤੇ ਅੜ੍ਹਨ ਵਾਲੇ ਵੀ।

ਸਟੇਜਾਂ ਉੱਪਰ ਚੜ੍ਹਨ ਵਾਲੇ ਵੀ।

ਚਾਪਲੂਸੀਆਂ ਕਰਦੇ ਫਿਰਦੇ...

ਗੁਰਬਾਣੀ ਨੂੰ ਪੜ੍ਹਨ ਵਾਲੇ ਵੀ॥

ਮੂੰਹ ਵਿੱਚ ਅੱਗ ਦੇ ਗੋਲੇ ਤੇਰੇ।

ਕਿਰਦਾਰ ਫੁੱਲਾਂ ਤੋਂ ਹੋਲੇ ਤੇਰੇ।

ਮੰਨ ਦੀ ਮੈਲ ਨਾ ਉੱਤਰੀ ਤੈਥੋਂ,,

ਕੀ ਕਰਨਗੇ ਚਿੱਟੇ ਚੋਲੇ ਤੇਰੇ॥

ਮਲ-ਮਲ ਬਾਹਰੋਂ ਨ੍ਹਾਉਂਦੇ ਵੇਖੇ।

ਅੰਦਰੋਂ ਕੂੜ ਕਮਾਉਂਦੇ ਵੇਖੇ।

‘ਸੱਤਿਆ’ ਵੰਡਕੇ ਛਕਣ ਵਾਲੇ ਵੀ,,

ਲੁਕ-ਲੁਕ ਤੜਕੇ ਲਾਉਂਦੇ ਵੇਖੇ॥

ਅੱਖਾਂ ਮੁੰਦੀਆਂ ਖੋਏ ਪਏ ਆ।

ਮਾਲਾ ਹਾਰ ਪ੍ਰੋਏ ਪਏ ਆ।

ਢੇਰ ਸੁਖਮਨੀ ਪੜ੍ਹਨ ਵਾਲੇ ਵੀ,

ਜ਼ਹਿਰ ਬਰਾਬਰ ਹੋਏ ਪਏ ਆ॥

ਨੀਲੀਆਂ ਪੀਲੀਆਂ ਚਿੱਟੀਆਂ ਪੱਗਾਂ।

ਅੱਜ-ਕੱਲ੍ਹ ਬੱਧੀਆਂ ਬਹੁਤਿਆਂ ਠੱਗਾਂ।

ਵਿਰਲਾ ਕੋਈ ਕਿਰਦਾਰ ਰਹਿ ਗਿਆ,

ਅਣਖਾਂ ਗਿਰਵੀ ਧਰੀਆਂ ਵੱਗਾਂ॥

ਮੁੱਕਦੀ ਗੱਲ ਸਭ ਚੱਲਦਾ ਧੰਦਾ।

ਬੜਾ ਹੀ ਚਾਤਰ ਹੋ ਗਿਆ ਬੰਦਾ।

ਛੱਜ ਮੌਰਾਂ ਤੇ ਬੰਨ੍ਹਣਾ ਚਾਹੁੰਦਾ...,,

ਦੂਜੇ ਦਾ ਪਰ ਵਰਤ ਕੇ ਕੰਦਾ।

📝 ਸੋਧ ਲਈ ਭੇਜੋ