ਅੱਲ੍ਹੜ 'ਵਾਵਾਂ ਗੀਤ ਗੁਲਾਬੀ ਗਾਣ

ਅੱਲ੍ਹੜ 'ਵਾਵਾਂ ਗੀਤ ਗੁਲਾਬੀ ਗਾਣ ਕਦੀ ਤੇ ਦੱਸੀਂ 

ਗੁੱਤ ਹਿਲਾਉਂਦੀਆਂ ਰੁੱਤਾਂ ਮੁੜ ਕੇ ਆਣ ਕਦੀ ਤੇ ਦੱਸੀਂ

ਕਿੱਕਰ ਟਾਹਲੀ ਨਿੰਮ ਧਰੇਕਾਂ ਤੂਤ ਤੇ ਬੋਹੜਾਂ ਉੱਤੇ 

ਚਿੜੀਆਂ ਤੋਤੇ ਘੁੱਗੀਆਂ ਮੇਲੇ ਲਾਣ ਕਦੀ ਤੇ ਦੱਸੀਂ

ਵੰਗਾਂ ਨੂੰ ਚਮਕਾਉਂਦੇ ਹੋਏ ਸੱਜਰੇ ਚੰਨ ਦੇ ਟੋਟੇ 

ਖੂਹ ਨੂੰ ਜਾਂਦੀ ਰਾਹ ਤੇ ਪੈਲਾਂ ਪਾਣ ਕਦੀ ਤੇ ਦੱਸੀਂ 

ਡੀਗਰ ਵੇਲ਼ੇ ਪਤਲੇ ਪਤਲੇ ਲੋਕ ਘੜਿਆਂ ਦੇ ਥੱਲੇ 

ਗਲ਼ੀਆਂ ਦੇ ਵਿਚ ਸੱਪ ਵਲ਼ਾਵੇਂ ਖਾਣ ਕਦੀ ਤੇ ਦੱਸੀਂ

ਜਿੰਨ੍ਹਾਂ ਦੇ ਲਈ ਦਿਲ ਨੂੰ ਫੜ ਕੇ ਬਹਿ ਜਾਂਦੇ ਸੀ ਤਾਰੇ 

ਉਹੀਓ ਹਾਸੇ ਪਿੰਡ ਵਿਚ ਬੀਜੇ ਜਾਣ ਕਦੀ ਤੇ ਦੱਸੀਂ

ਨਜ਼ਮ ਕਿਸੇ ਦਾ ਮਿਸਰਾ ਮਿਸਰਾ ਫੁੱਲ ਸਰ੍ਹੋਂ ਦੇ ਚੁੰਮੇ 

ਗ਼ਜ਼ਲ ਕਿਸੇ ਦਾ ਕਣਕਾਂ ਸ਼ਿਅਰ ਸੁਣਾਣ ਕਦੀ ਤੇ ਦੱਸੀਂ

ਕੁੱਲੀਆਂ ਮਹਿਲ ਵਿਸਾਖੀ ਦੇ ਵਿਚ ਰਲ਼ਕੇ ਨੱਚਦੇ ‘ਸੰਧੂ’

ਪੱਗ ਤੇ ਸਾਫ਼ਾ ਇਕ ਜਿਹੀ ਈਦ ਮਨਾਣ ਕਦੀ ਤੇ ਦੱਸਾਂ

📝 ਸੋਧ ਲਈ ਭੇਜੋ