ਨਾ ਭੰਨਣੀ ਘੜੀ ਕੋਈ
ਨਾ ਤੁਸੀਂ ਪਿੰਨ ਹੀ ਮਨਸਾਣਾ
ਮੈਂ ਤਾਂ ਭਲਕੇ ਪਰਸੋਂ ਹੀ
ਵਾਪਸ ਆ ਜਾਣਾ
ਮੈਂ ਗੰਢੜੀ 'ਚ ਲੈ ਤੁਰਿਆਂ ਹਾਂ
ਕਾਸ਼ਨੀ ਦੇ ਫੁੱਲ ਵਰਗੀਆ ਸ਼ਾਮਾਂ
ਮੈਂ ਦਿਲ 'ਚ ਲੈ ਤੁਰਿਆਂ ਹਾਂ
ਗੰਨੇ ਦੇ ਰਿਓ ਵਰਗੀਆਂ ਯਾਦਾਂ
ਤੁਹਾਡੇ ਤਾਂ ਬੋਲ ਗੂੰਜਣਗੇ ਸਦਾ
ਮੇਰਿਆਂ ਕੰਨਾਂ ਦੇ ਅੰਦਰ
ਹੋਵੇਗੀ ਜਦ ਚਲਦੀ ਹਵਾਂ 'ਚ
ਝੂਮਣੇ ਫਰਮਾਹਾਂ ਦੀ ਸਰਸਰ
ਚਟਾਨਾਂ ਦੇ ਇਸ ਸ਼ਹਿਰ ਵਿੱਚ
ਮੈਂ ਛੱਡ ਕੇ ਤੁਰ ਚੱਲਿਆ ਹਾਂ
ਪਿੰਜੇ ਹੋਏ ਨਰਮੇ ਦੇ ਗੋਹੜੇ
ਸ਼ਾਇਦ ਇਸੇ ਲਈ ਪੈਣਾ ਮੈਨੂੰ
ਵਾਪਸ ਵੀ ਆਣਾ
ਮੈਂ ਕਿਧਰੇ ਦੂਰ ਨਹੀਂ ਜਾਣਾ
ਸ਼ਹਿਦ ਦੀ ਮੱਖੀਓ!
ਗੰਦਗੀ ਦੀਆਂ ਮੱਖੀਆਂ 'ਚ ਬਹਿਕੇ
ਬਰਾਦਰੀ ਭੁੱਲ ਨਹੀਂ ਜਾਣਾ
ਭਮੱਕੜਾਂ ਦੇ ਯਾਰੋ!
ਭੂੰਡਾਂ ਦੇ ਰੌਲੇ 'ਚ
ਤੁਸੀਂ ਵੀ ਰੁਲ ਨਹੀਂ ਜਾਣਾ
ਯਾਦ ਰੱਖਣਾ
ਅਸੀਂ ਪਰਵਾਸੀ ਪੰਛੀ ਹਾਂ
ਸਾਡਾ ਤਾਂ ਕਿਧਰੇ ਹੋਰ ਹੈ ਟਿਕਾਣਾ
ਹਾੜ੍ਹੇ! ਤੁਸੀਂ ਭੁੱਲ ਨਾ ਜਾਣਾ
ਰਾਂਝਣ ਦਾ ਠਾਣਾ
ਨਾ ਭੰਨਣੀ ਘੜੀ ਕੋਈ
ਨਾ ਤੁਸੀਂ ਪਿੰਨ ਹੀ ਮਨਸਾਣਾ
ਮੈਂ ਤਾਂ ਭਲਕੇ ਪਰਸੋਂ ਹੀ
ਵਾਪਸ ਆ ਜਾਣਾ