ਬੱਚੇ ਦੇ ਸੁਪਨੇ ਅਮਨ ਹਨ
ਮਾਂ ਦੇ ਸੁਪਨੇ ਅਮਨ ਹਨ
ਬਿਰਖ ਦੀ ਛਾਂ ਹੇਠ
ਪਿਆਰ ਦੇ ਬੋਲ ਅਮਨ ਹਨ ।
ਪਿਤਾ ਜੋ ਸੰਧਿਆ ਨੂੰ
ਆਪਣੀਆਂ ਅੱਖਾਂ ਵਿਚ ਮੁਸਕਾਣ
ਤੇ ਆਪਣੇ ਹੱਥਾਂ ਵਿਚ
ਫਲਾਂ ਨਾਲ ਭਰਿਆ ਟੋਕਰਾ ਲਈ
ਪਰਤਦਾ ਹੈ
ਉਸਦੇ ਮੱਥੇ ਉਤਲੇ ਮੁੜ੍ਹਕੇ ਦੇ ਤੁਪਕੇ
ਉਸ ਜੱਗ ਉਤਲੀਆਂ ਬੂੰਦਾਂ ਵਰਗੇ ਹਨ
ਜੋ ਖਿੜਕੀ ਦੀ ਸਿਲ ਉੱਤੇ ਪਿਆ,
ਠੰਡਾ ਹੋ ਰਿਹਾ ਹੈ
ਇਹ ਅਮਨ ਹੈ ।
ਜਦ ਧਰਤੀ ਦੇ ਚਿਹਰੇ ਉਤਲੇ
ਜਖ਼ਮ ਠੀਕ ਹੁੰਦੇ ਹਨ
ਤੇ ਅਸੀਂ ਗੋਲੀਆਂ ਦੀ ਅੱਗ ਨਾਲ
ਪੁੱਟੇ ਟੋਇਆਂ ਵਿਚ
ਦਰੱਖਤ ਲਾ ਦਿੰਦੇ ਹਾਂ
ਤੇ ਲਾਟਾਂ ਦੇ ਸੇਕ ਨਾਲ
ਭੁੱਜੇ ਹਿਰਦਿਆਂ ਵਿਚ
ਆਸ ਦੀਆਂ ਪਹਿਲੀਆਂ ਡੋਡੀਆਂ
ਫੁੱਟ ਨਿਕਲਦੀਆਂ ਹਨ
ਤੇ ਮੁਰਦੇ ਬਿਨਾਂ ਪਾਸਾ ਪਰਤਿਆਂ
ਬਿਨਾਂ ਸ਼ਿਕਾਇਤ ਕਰੇ ਸੌਾ ਸਕਦੇ ਹਨ
ਇਹ ਜਾਣਦੇ ਹੋਏ ਕਿ ਉਹਨਾਂ ਦਾ ਲਹੂ
ਅਜਾਈਂ ਨਹੀਂ ਸੀ ਡੁੱਲ੍ਹਾ
ਇਹ ਅਮਨ ਹੈ
ਅਮਨ ਸੰਧਿਆ ਵੇਲੇ ਖੁਰਾਕ ਵਿਚੋਂ
ਆਉਂਦੀ ਮਹਿਕ ਹੈ
ਜਦੋਂ ਗਲੀ ਵਿਚ ਆ ਕੇ ਖਲੋਂਦੀ ਕਾਰ
ਦਾ ਅਰਥ ਖੌਫ਼ ਨਹੀਂ ਹੁੰਦਾ
ਜਦੋਂ ਦਰਵਾਜ਼ੇ ਤੇ ਦਿੱਤੀ
ਦਸਤਕ ਦਾ ਅਰਥ ਮਿੱਤਰ ਹੁੰਦਾ ਹੈ
ਤੇ ਹਰ ਘੜੀ ਖੁੱਲ੍ਹਦੀ ਤਾਕੀ ਦਾ ਅਰਥ
ਦੂਰ-ਦੁਰਾਡੀਆਂ ਘੰਟੀਆਂ ਦੇ ਰੰਗਾਂ
ਦਾ ਆਨੰਦ ਲੈਣਾ ਹੁੰਦਾ ਹੈ
ਇਹ ਅਮਨ ਹੈ ।
ਅਮਨ ਦਾ ਅਰਥ
ਜਾਗਦੇ ਬੱਚੇ ਲਈ ਕਿਤਾਬ
ਤੇ ਗਰਮ ਦੁੱਧ ਦਾ ਗਿਲਾਸ ਹੁੰਦਾ ਹੈ
ਜਦੋਂ ਕਣਕ ਦੇ ਸਿੱਟੇ ਇਹ ਕਹਿੰਦਿਆਂ
ਇੱਕ ਦੂਜੇ ਵੱਲ ਝੂੰਮਦੇ ਹਨ
'ਰੌਸ਼ਨੀ',
'ਰੌਸ਼ਨੀ, ਜੋ ਦੁਮੇਲ ਦੇ ਫੁੱਲਾਂ ਦੇ ਚਾਨਣ
ਨਾਲ ਡਲ੍ਹਕਦੀ ਹੈ
ਇਹ ਅਮਨ ਹੈ ।
ਜਦੋਂ ਜੇਲ੍ਹਾਂ ਨੂੰ
ਲਾਇਬ੍ਰੇਰੀਆਂ ਬਣਾ ਦਿੱਤਾ ਜਾਂਦਾ ਹੈ
ਜਦੋਂ ਮੌਤ ਨੂੰ ਗੀਤ
ਇੱਕ ਸਰਦਲ ਤੋਂ ਦੂਸਰੀ ਤੀਕ ਉਭਰਦਾ ਹੈ
ਜਦੋਂ ਬਹਾਰ ਦਾ ਚੰਨ
ਬੱਦਲ ਓਹਲਿਉਂ ਇੰਝ ਝਾਕਦਾ ਹੈ
ਜਿਵੇਂ ਕੋਈ ਮਜ਼ਦੂਰ
ਨਾਈ ਦੀ ਦੁਕਾਨ ਤੋਂ
ਹਫ਼ਤੇ ਬਾਅਦ ਤਾਜ਼ੀ ਹਜਾਮਤ ਕਰਵਾ ਕੇ
ਨਿਕਲਦਾ ਹੈ
ਇਹ ਅਮਨ ਹੈ ।
ਜਦੋਂ ਬੀਤਿਆ ਦਿਨ
ਅਜਾਈਂ ਗਿਆ ਨਹੀਂ ਸਮਝਿਆ ਜਾਂਦਾ
ਸਗੋਂ ਇੱਕ ਜੜ੍ਹ ਹੈ
ਜਿਸਨੂੰ ਰਾਤ ਨੂੰ ਖੁਸ਼ੀ ਦੇ ਪੱਤੇ ਪੁੰਗਰਦੇ ਹਨ
ਜਿੱਤਿਆ ਹੋਇਆ ਦਿਨ
ਤੇ ਗੂੜ੍ਹੀ ਨੀਂਦ
ਜਦੋਂ ਤੁਸੀਂ ਦੁਬਾਰਾ ਅਨੁਭਵ ਕਰਦੇ ਹੋ
ਕਿ ਸੂਰਜ ਕਾਹਲੀ ਕਾਹਲੀ
ਵਕਤ ਦੇ ਕੋਨਿਆਂ ਤੋਂ
ਦੁੱਖ ਨੂੰ ਭਜਾਉਣ ਤੇ ਪਿੱਛਾ ਕਰਨ ਲਈ
ਆਪਣੀਆਂ ਵਾਗਾਂ ਨੂੰ ਖਿੱਚਦਾ ਹੈ
ਇਹ ਅਮਨ ਹੈ ।
ਅਮਨ, ਗਰਮੀਆਂ ਵਿਚ ਖੇਤਾਂ ਵਿਚ
ਖਿੱਲਰੀਆਂ ਸੂਰਜ ਦੀਆਂ
ਕਿਰਨਾਂ ਦੇ ਪੂਲੇ ਹਨ
ਇਹ ਸਰਘੀ ਦੇ ਗੋਡਿਆਂ ਉੱਤੇ ਰੱਖੀ
ਮਿਹਰਬਾਨੀ ਦੀ ਪੁਸਤਕ ਦੀ
ਵਰਨਮਾਲਾ ਹੈ
ਜਦੋਂ ਤੁਸੀਂ ਆਖਦੇ ਹੋ
''ਮੇਰੇ ਵੀਰ!''
ਜਦੋਂ ਕਹਿੰਦੇ ਹੋ,
''ਕੱਲ੍ਹ ਆਪਾਂ ਉਸਾਰੀ ਕਰਾਂਗੇ ।''
ਤੇ ਜਦੋਂ ਅਸੀਂ ਉਸਾਰੀ ਕਰਦੇ
ਤੇ ਗਾਉਂਦੇ ਹਾਂ
ਇਹ ਅਮਨ ਹੈ ।
ਜਦੋਂ ਮੌਤ
ਦਿਲ ਦੀ ਥੋੜ੍ਹੀ ਥਾਂ ਘੇਰਦੀ ਹੈ
ਜਦੋਂ ਚਿਮਨੀਆਂ
ਮਜ਼ਬੂਤੀ ਨਾਲ ਖੁਸ਼ੀ ਵੱਲ
ਉਂਗਲਾਂ ਕਰਦੀਆਂ ਨੇ
ਜਦੋਂ ਡੁੱਬਦੇ ਸੂਰਜ ਦੀਆਂ ਲੰਮੀਆਂ
ਗੁਲਾਬੀ ਕਿਰਨਾਂ
ਕਵੀ ਤੇ ਕਾਮੇ ਦੋਵਾਂ ਵੱਲੋਂ
ਬਰਾਬਰ ਦੀਆਂ
ਸੁੰਘੀਆਂ ਜਾ ਸਕਦੀਆਂ ਹਨ
ਤਾਂ ਇਹ ਅਮਨ ਹੈ ।
ਅਮਨ ਬੰਦਿਆਂ ਦੀਆਂ ਮੀਟੀਆਂ ਮੁੱਕੇ ਹਨ
ਇਹ ਦੁਨੀਆਂ ਦੇ ਮੇਜ਼ ਉਤਲੀ
ਗਰਮ ਰੋਟੀ ਹੈ
ਇਹ ਮਾਂ ਦੀ ਮੁਸਕਾਨ ਹੈ
ਸਿਰਫ਼ ਇਹੋ ਹੀ
ਅਮਨ ਹੈ, ਹੋਰ ਕੁਝ ਨਹੀਂ ਹੈ
ਤੇ ਜਿਹੜੇ ਹਲ ਸਾਰੀ ਧਰਤ ਉੱਤੇ
ਡੂੰਘੇ ਸਿਆੜ ਕੱਢਦੇ ਹੋਏ
ਇਕੋ ਹੀ ਨਾਂ ਲਿਖਦੇ ਹਨ
ਅਮਨ ਹੈ, ਹੋਰ ਕੁਝ ਨਹੀਂ ਕੇਵਲ ਅਮਨ ।
ਮੇਰੀ ਕਵਿਤਾ ਦੀ ਰੀੜ ਦੀ ਹੱਡੀ ਉੱਤੇ
ਕਣਕ ਦੇ ਗੁਲਾਬਾਂ ਦੀ ਲੱਦੀ
ਭਵਿੱਖ ਵੱਲ ਵੱਧਦੀ ਰੇਲ-ਗੱਡੀ
ਅਮਨ ਹੈ ।
ਮੇਰੇ ਵੀਰੋ
ਸਾਰੀ ਧਰਤੀ
ਆਪਣੇ ਸਾਰੇ ਸੁਪਨਿਆਂ ਸਮੇਤ
ਅਮਨ ਵਿਚ ਡੂੰਘੇ ਸਾਹ ਲੈਂਦੀ ਹੈ
ਆਪਣੇ ਹੱਥ ਮੈਨੂੰ ਫੜਾਓ ਭਰਾਵੋ
ਇਹ ਅਮਨ ਹੈ!!