ਗੂੜ੍ਹੀਆਂ ਛਾਵਾਂ ਸਿਖਰ ਦੁਪਹਿਰਾਂ
ਉਦਰੇਵੇਂ ਵਿਚ ਵੇਖਾਂ :
ਡੰਡੀਆਂ ਉੱਤੇ ਊਂਘਣ ਚਿਰ ਤੋਂ
ਸੈ ਰਾਹੀਆਂ ਦੀਆਂ ਹੇਕਾਂ।
ਪੰਛੀ ਦੀਆਂ ਨਜ਼ਰਾਂ ਵਿਚ ਦੂਰੋਂ
ਉਡਦੇ ਪਏ ਪ੍ਰਛਾਵੇਂ,
ਸੁੰਞੀਆਂ ਖ਼ਾਨਗਾਹਾਂ ਵਲ ਵੇਖਣ
ਕਲਵਲ ਮੂਕ ਧਰੇਕਾਂ।
ਚੌਦਾਂ ਤਬਕਾਂ ਹੌਲ ਹੈ ਪੈਂਦਾ
ਵਣ-ਤ੍ਰਿਣ ਦੀ ਚੁੱਪ ਡੋਲੇ,
ਭਾਰ ਗਗਨ ਦੇ ਕੂੰਬਲ ਦੇ ਸਿਰ
ਸੁੱਟ ਪਟਕਾਏ ਲੇਖਾਂ।
ਮੈਂ ਨ ਵੇਖ ਸਕਾਂ ਪਰ ਝੁੱਕਿਆ
ਹੂਰ 'ਤੇ ਅੱਥਰੂ ਮੇਰਾ,
ਫੁੱਲ ਕਸੁੰਭਾ ਫੜ ਸਮਝਾਇਆ
ਅੰਬਰ ਨੂੰ ਕੁਝ ਸੇਖ਼ਾਂ।
ਸੁੰਞ ਵਿਰਾਟ ਨੇ ਅੱਥਰੂ ਫੜ ਲਏ
ਡਿੱਗੇ ਖੰਭ ਦੇ ਹੇਠਾਂ,
ਮਾਰੂਥਲ ਦੇ ਹੱਥ 'ਤੇ ਬਲੀਆਂ
ਤੂਰ ਦੀਆਂ ਕੁਝ ਰੇਖਾਂ।
ਦੂਰੋਂ 'ਵਾਜ ਪਈ ਦਿਲ ਹੌਲੇ
ਬਾਗ਼ ਦੇਣ ਧਰਵਾਸੇ,
ਸਿੰਧ ਪਰਬਤੀਂ ਭੇਦ ਛੁਪਾਏ
ਕਾਲੇ ਸੰਘਣੇ ਕੇਸਾਂ।
ਹਰੇ ਕਚੂਰ ਬਾਗ਼ ਦੇ ਸੀਨੇ
ਪੀਂਘਾਂ ਦਾ ਹੜ੍ਹ ਛੁਪਿਆ,
ਖ਼ੂਨੀ ਭਰੇ ਝਨਾਂ ਦੇ ਸਾਹਮੇ
ਅੰਬਰ ਦਾ ਮਨ ਟੇਕਾਂ।
ਮੈਂ ਬੁੰਬਲਾਂ ਦੇ ਹੜ੍ਹ ਤੋਂ ਮੰਗਾਂ
ਕੋਈ ਧਰਵਾਸ ਉਧਾਰਾ,
ਵੇਦ ਕੁਰਾਨ ਗ੍ਰੰਥ ਤੋਂ ਪੁੱਛਦਾ
ਜਿਹੜੇ ਮੁੜੇ ਨ ਪੇਖਾਂ।
ਕੁੜੀਆਂ ਚਿੜੀਆਂ ਤੋਂ ਮੈਂ ਡਰਦਾ
ਬੋਲ ਸਕਾਂ ਨ ਯਾਰੋ,
ਜਿਹੜੇ ਰੰਗ ਫ਼ਕੀਰਾਂ ਬਖ਼ਸ਼ੇ
ਬਸ ਉਹਨਾਂ ਨੂੰ ਸੇਕਾਂ।
ਫੁੱਲੀਆਂ ਕਾਹੀਆਂ ਕੂਕ ਸੁਣੀਵੇ
ਕੋਈ ਨ ਚਸ਼ਮਾ ਵੱਗੇ,
ਰੇਤਾਂ ਹੇਠ ਛੁਪੇ ਜੋ ਪਰਬਤ
ਤੇਸਾ ਮਾਰ ਕੇ ਛੇਕਾਂ।