ਅੰਬਰ ਤੋਂ ਉਚੇਰਾ ਵੀ ਤਾਂ ਇਕ ਹੋਰ ਹੈ ਅੰਬਰ
ਜੱਲਾਦ ਦੇ ਖੰਜਰ 'ਚ ਲੁਕੀ ਬੈਠਾ ਹੈ ਖ਼ੰਜਰ ?
ਆਕਾਰ ਦੀ ਦੁਨੀਆਂ ਤੋਂ ਪਰ੍ਹਾਂ ਹੋਰ ਵੀ ਥਾਂ ਹੈ
ਹਰ ਜੀਭ ਦੇ ਹੇਠਾਂ ਵੀ ਤਾਂ ਇਕ ਹੋਰ ਜ਼ਬਾਂ ਹੈ
ਤੂੰ ਦੂਸਰਾ ਅੰਬਰ, ਤੂੰ ਦੂਸਰਾ ਖ਼ੰਜਰ
ਤੂੰ ਦੂਜਾ ਜਹਾਂ ਹੈਂ ਤੂੰ ਦੂਜੀ ਜ਼ਬਾਂ ਹੈਂ
ਮਸਤ ਨਹੀਂ ਹੈਂ, ਝੂਠਾ ਏ ਤੇਰਾ ਲੋਰ
ਨੈਣਾਂ ਦਾ ਖ਼ੁਦਾ ਹੋਰ, ਤੇਰੇ ਦਿਲ ਦਾ ਖ਼ੁਦਾ ਹੋਰ
ਅੱਲਾ ਦੀ ਕਸਮ ਬੇੜੀ ਦਾ ਨੁਕਸਾਨ ਨ ਹੁੰਦਾ
ਤੂਫਾਨ ਦੀ ਤਹਿ ਹੇਠ ਜੇ ਤੂਫ਼ਾਨ ਨ ਹੁੰਦਾ ।