ਮੈਨੂੰ ਤੇ ਗ਼ਰੀਬੀ ਨਾਮ ਤੋਂ ਹੀ ਨਫ਼ਰਤ ਹੈ,

 ਝੂਠਾਂ ਦੀ ਪੰਡ ਲੱਗਦੀ।

 ਸਾਨੂੰ ਕੀ ਪਤਾ ਕੀ ਹੁੰਦੀ,

 ਅਸੀਂ ਵੇਖੀ ਜੂ ਨਹੀਂ।

 ਮੈਂ ਤੇ ਅਮੀਰ ਮਾਂ ਕੁੱਖੋਂ ਜੰਮੀ, ਅਮੀਰ ਮਾਂ ਹਾਂ।

 ਹਾਂ ਏਨਾ ਪਤਾ, ਮਾਂ ਘਰ ਮਿੱਟੀ ਦਾ ਭੜੋਲਾ ਸੀ,

 ਜੋ ਮਾਂ ਨੇ ਬੂਟੇ ਪਾ ਬਣਾਇਆ ਸੀ, ਆਸ ਨਾਲ਼

 ਕਿ ਪਤਾ ਨਹੀ ਕਦ ਕਣਕ ਭੜੋਲੇ ਭਰ ਜਾਵਣ।

 ਭੜੋਲਾ ਖ਼ਾਲੀ ਹੋਣ ਤੇ, ਮੈਂ ਲੁਕਣ-ਮੀਚੀ ਖੇਡਣ ਵੇਲ਼ੇ,

 ਛਾਲ਼ ਮਾਰ, ਭੜੋਲੇ ਵਿੱਚ ਲੁਕ ਜਾਂਦੀ ਸੀ।

 ਮਾਂ ਚੰਗਾ ਥਾਪੜਦੀ ਸੀ, ਕਿ ਸੁੱਚਾ ਰੱਖਣਾ

 ਮਾਂ ਨੇ ਕਦੇ ਭੁੱਖੇ ਨਹੀ ਸੌਂਣ ਦਿੱਤਾ ਸੀ।

 ਸਾਬਣ ਤਾਂ ਨਹੀਂ ਵੇਖਿਆ ਸੀ ਕਦੇ

 ਕਿਉਂਕਿ ਸ਼ਾਇਦ ਮਾਂ, ਸੁੱਚੀ ਧੀ ਨੂੰ ਕੰਜਕ ਮੰਨ

 ਸੁੱਚੀ ਤੇ ਖੱਟੀ ਲੱਸੀ ਨਾਲ਼ ਨੁਹਾਉਣਾ ਜੋ ਚੰਗਾ ਮੰਨਦੀ ਸੀ।

 ਸਾਡੇ ਕੱਪੜੇ ਕਦੇ ਸਾਬਣ ਨਹੀਂ ਸੀ ਲਾਇਆ ਮਾਂ।

 ਮੰਡ 'ਚੋਂ ਖਾਰੀ ਰੋ ਚੁਣ, ਫਿਰ ਸਾਡੇ ਕੱਪੜੇ ਭਿਓਂਦੀ ਸੀ

 ਤੇ ਚਿੱਟੇ ਦੁੱਧ ਨਿਖਾਰਦੀ ਸੀ।

 ਗੋਰੀ ਗਾਂ, ਤਿੜ੍ਹਾਂ ਵਾਲ਼ਾ ਘਾਹ ਖਾ, ਮਿੱਠਾ ਦੁੱਧ ਦੇਂਦੀ ਸੀ।

 ਜਿਸ ਨੂੰ ਮਾਂ ਤੜਕੇ ਉੱਠ ਚੋਂਦੀ

 ਅਸੀਂ ਗਲਾਸ ਘਰ ਵਿੱਚ ਨਹੀਂ ਰੱਖਦੇ ਸੀ

 ਕਿਉਂਕਿ ਜਦ ਮੈਂ ਮੂੰਹ, ਆ, ਕਰ ਅੱਡਦੀ ਸੀ

 ਮਾਂ ਸਿੱਧੀਆਂ ਧਾਰਾਂ ਪਾਉਂਦੀ ਸੀ

 ਮੇਰੀ ਮਾਂ ਦੀ ਸੂਈ ’ਚ ਦਮ ਸੀ।

 ਐਸੀ ਟਾਕੀ ਲਾਉਂਦੀ ਸੀ ਕਿ

 ਕਢਾਈ ਵੀ ਵੇਖ ਸ਼ਰਮਾਉਂਦੀ ਸੀ।

 ਤਾਏ ਦੀ ਪਰਾਲ਼ੀ ਕੁੱਟ, ਕੱਢੇ ਝੋਨੇ ਨੂੰ

 ਉੱਖਲੀ ਪਾ, ਕੱਢੇ ਚੌਲਲ਼, ਫਿੱਕੇ ਉਬਾਲ਼

 ਸਾਡੇ ਖਾਣ ਦੇ ਵੱਖਰੇ ਨਜ਼ਾਰੇ ਸੀ।

 ਢਿੱਡ ’ਤੇ ਹੱਥ ਫੇਰਨਾ ਪੈਂਦਾ ਸੀ,

 ਏਨ੍ਹੇ ਰੱਜ ਖਾ ਲੈਂਦੀ ਸੀ।

 ਮੱਝਾਂ ਚਾਚੇ ਘਰ, ਪਰ ਪਾਥੀਆਂ

 ਸਾਡੇ ਜ਼ਿਆਦਾ ਹੁੰਦੀਆਂ ਸੀ।

 ਉਂਞ ਲੋਕੀਂ ਝੂਠ ਬਥੇਰੇ ਬੋਲਦੇ ਕਿ

 ਤੁਸੀਂ ਬਾਹਲ਼ੀ ਗ਼ਰੀਬੀ ਤੱਕੀ

 ਪਰ ਮੈਨੂੰ ਨਹੀਂ ਇੰਞ ਜਾਪਦਾ।

 ਮਾਂ ਘਰ ਕਿਸੇ ਚੀਜ਼ ਦੀ ਥੋੜ ਸੀ, ਜਾਂ ਮਾਂ ਗ਼ਰੀਬ ਸੀ।

 ਮਾਂ-ਬਾਪੂ ਗ੍ਰਿਸਤ ਦੀ ਗੱਡੀ, ਬੜੀ ਰਾਇ ਨਾਲ਼ ਰੇੜ੍ਹਦੇ ਸੀ।

 ਅਸੀਂ ਗ਼ਰੀਬ ਸੀ, ਇਹ ਗੱਲ ਕੋਰੀ ਝੂਠ ਹੈ

 ਕਿਉਂਕਿ ਮੈਂ ਆਪਣੀ ਮਾਂ ਦੇ ਹੁੰਦਿਆਂ

 ਕਦੇ ਗ਼ਰੀਬੀ ਨਹੀਂ ਵੇਖੀ।

 ਮਾਂ ਘਰ ਸਭ ਕੁਝ ਤਾਂ ਸੀ

 ਸਾਡਾ ਆਪਣਾ ਗੁਟਕਾ ਸਾਹਿਬ ਸੀ।

 ਜਿਸ ਵਿੱਚ ਦਰਜ ਸੀ

 ਭੁਖਿਆ ਭੁਖ ਨਾ ਉਤਰੀ

 ਜੇ ਬੰਨਾ ਪੁਰੀਆ ਭਾਰ।

 ਸਾਡੀ ਤਾਂ ਭੁੱਖ ਉਤਰ ਗਈ ਸੀ

 ਗੁਰਬਾਣੀ ਪੜ੍ਹ ਕੇ

 ਕੁਦਰਤ ਨੇ ਭਰੇ ਭੰਡਾਰੇ ਜੋ ਸੀ

 ਇਸ ਲਈ ਮੈਨੂੰ ਤੇ ਗ਼ਰੀਬੀ ਤੋਂ ਨਫ਼ਰਤ ਹੈ

 ਸ਼ਾਇਦ ਇਸ ਲਈ ਕਿ ਅਸੀਂ ਗ਼ਰੀਬੀ ਨਹੀਂ ਵੇਖੀ

 ਕਿਉਂਕਿ ਸਰਬ ਦੀ ਮਾਂ ਅਮੀਰ ਸੀ।

📝 ਸੋਧ ਲਈ ਭੇਜੋ