ਅੰਮ੍ਰਿਤ ਵੇਲੇ ਜਦੋਂ ਇਬਾਦਤ ਹੁੰਦੀ ਏ,
ਅੱਲ੍ਹਾ ਵੱਲੋਂ ਆਪ ਹਿਫਾਜ਼ਤ ਹੁੰਦੀ ਏ।
ਉਸ ਵੇਲੇ ਜੋ ਮੰਗੋ, ਝੋਲੀ ਪੈ ਜਾਂਦਾ,
ਲੁੱਟ ਲਓ ਭਾਵੇਂ ਰੱਬ, ਇਜਾਜ਼ਤ ਹੁੰਦੀ ਏ।
ਗੁਰੂ ਮੰਤਰ ਦਾ ਉਸ ਵੇਲੇ ਜੋ ਧਿਆਨ ਕਰੇ,
ਬਿਆਨ ਨਾ ਹੋਵੇ ਜੋ ਕਰਾਮਤ ਹੁੰਦੀ ਏ।
ਥੋੜੀ ਜਿਨ੍ਹੀ ਮਿਹਨਤ ਬਹੁਤਾ ਫਲਦੀ ਏ,
ਅੰਮ੍ਰਿਤ ਵੇਲੇ ਐਨੀ ਰਹਿਮਤ ਹੁੰਦੀ ਏ।
ਘੱਟ ਸੌਣਾ ਘਟ ਖਾਣਾ ਗੁਣ ਹੈ ਸੰਤਾ ਦਾ,
ਬਹੁਤਾ ਸੌਣਾ ਮਾੜੀ ਆਦਤ ਹੁੰਦੀ ਏ।
ਮਨ, ਬੁੱਧੀ ਤੇ ਗਲਾ ਸਥਿਰ ਤੇ ਸ਼ਾਂਤ ਉਦੋਂ,
ਦਿਨ ਵਿੱਚ ਫਿਰ ਨਾ ਵੈਸੀ ਹਾਲਤ ਹੁੰਦੀ ਏ।
ਬੇਸੁਰਿਆਂ ਦੇ ਗਲੇ ਸੁਰੀਲੇ ਹੋ ਜਾਂਦੇ,
ਅੰਮ੍ਰਿਤ ਵੇਲੇ ਜਦੋਂ ਰਿਆਜ਼ਤ ਹੁੰਦੀ ਏ।
ਹਰ ਗੁਸਤਾਖੀ ਬਖਸ਼ੀ ਜਾਂਦੀ ਏ 'ਸਾਹਿਬ',
ਉਸ ਵੇਲੇ ਕੁਝ ਖਾਸ ਰਿਆਇਤ ਹੁੰਦੀ ਏ।