ਚੋਲਾ ਦਿਲਾਂ ਦਾ ਲੀਰੋ ਲੀਰ ਐਧਰ
ਓਸ ਪਾਸੇ ਵੀ ਜਿੰਦ ਬੇਹਾਲ ਫਿਰਦੀ।
ਸੂਹੇ ਜੋੜੇ ਨੂੰ ਓਥੇ ਵੀ ਤਾਪ ਚੜ੍ਹਦਾ
ਕੋਈ ਐਥੇ ਵੀ ਖੋਲ੍ਹ ਕੇ ਵਾਲ ਫਿਰਦੀ
ਤੇਰੇ ਪਿੰਡ ਵੀ ਚੂੜੀਆਂ ਟੁੱਟਦੀਆਂ ਨੇ
ਮੇਰੇ ਚੱਕ ਵੀ ਹੋਠਾਂ ਦੇ ਫੁੱਲ ਵਿਕਦੇ।
ਓਸ ਨਗਰ ਵੀ ਰੁਲਦਾ ਏ ਪਿਆਰ ਤੇਰਾ
ਮੇਰੇ ਸਾਹ ਇਸ ਨਗਰ ਵੀ ਮੁੱਲ ਵਿਕਦੇ।
ਸੀਤੇ ਜਾਂਦੇ ਨੇ ਐਥੇ ਵੀ ਬੁੱਲ੍ਹ ਕਿੰਨੇ
ਕਿੰਨੇ ਸੂਲੀ ਨੂੰ ਓਥੇ ਵੀ ਚੁੰਮ ਲੈਂਦੇ।
ਮੇਰੇ ਮਨ ਦੀ ਸੱਸੀ ਵੀ ਰੋਜ਼ ਮਰਦੀ
ਤੇਰੇ ਪੁੰਨਣ ਵੀ ਨਿੱਤ ਕਫ਼ਨ ਪੈਂਦੇ।
ਕਦੋਂ ਵਿੱਥਾਂ ਨੂੰ ਇਸ਼ਕ ਦੀ ਸਾਰ ਹੁੰਦੀ
ਕਿਸੇ ਕੰਧ ਨੂੰ ਹੁਸਨ ਦੀ ਪੀੜ ਕਿੱਥੇ !
ਪਾਟੀ ਚੁੰਨੀ ਦੇ ਵਾਂਗ ਹੈ ਦੁੱਖ ਸਾਡਾ
ਇਕ ਲੀਰ ਕਿੱਥੇ, ਦੂਜੀ ਲੀਰ ਕਿੱਥੇ !