ਟੱਬਰ ਵਿੱਚ ਪਹਿਲ ਪਲੇਠੀ ਕੁੜੀ ਜੰਮੀ
ਨਾਂ ਰੱਖਿਆ ਵੀਰੋ
ਆਪਣੇ ਮਗਰੋਂ ਵੀਰ ਨੂੰ ਲਿਆਉਣ ਵਾਲ਼ੀ
ਦੂਜੀ ਕੁੜੀ ਜੰਮੀ
ਨਾਂ ਰੱਖਿਆ ਰੱਜੀ
ਕੁੜੀਆਂ ਤੋਂ ਰੱਜ ਚੁੱਕੇ ਟੱਬਰ ਦੀ
ਪੁੱਤਰ - ਭੁੱਖ ਦਰਸਾਓਣ ਵਾਲ਼ੀ.
ਕੁੜੀਆਂ ਤੋਂ ਅੱਕ ਚੁੱਕੇ ਟੱਬਰ ਵਿੱਚ ਜਦ
ਫਿਰ ਤੀਜੀ ਵੀ ਕੁੜੀ ਹੀ ਜੰਮੀ
ਨਾਂ ਰੱਖਿਆ ਅੱਕੀ
ਚੌਥੀ ਫਿਰ ਕੁੜੀ ਜੰਮੀ ਤਾਂ
ਨਾਂ ਰੱਖਿਆ ਕੌੜੀ
ਜਿਸਤੋਂ ਬਾਅਦ ਪੁੱਤ ਮਿੱਠੜੇ ਮੇਵੇ ਦੀ
ਦਾਤ ਸੁਗਾਤ ਦੀ ਰੱਖੀ ਆਸ
ਤੇ ਪੰਜਵੀਂ ਕੁੜੀ ਵੇਰ
ਨਾਂ ਰੱਖਿਆ ਬਖ਼ਸ਼ੋ
ਇਹ ਸਿਲਸਿਲਾ ਇੰਜ ਹੀ
ਅੱਗੇ ਵੀ ਚਲਦਾ ਰਿਹਾ
ਅਣਚਾਹੀਆਂ ਕੁੜੀਆਂ ਦੇ
ਨਾਲ਼ ਨਾਲ਼ ਵਿਤਕਰੇ ਵਾਲ਼ੀ
ਤਾਰੀਖ਼ ,ਤਵਾਰੀਖ਼,ਵਿਚਾਰਧਾਰਾ,ਲੋਕਧਾਰਾ
ਵੀ ਪੈਦਾ ਹੁੰਦੀ ਗਈ