ਤੂੰ ਫੇਰ ਆ ਗਈ ਏਂ, ਹੌਲ ਦੀ ਤਰਾਂ
ਇੱਕ ਹੌਲ ਪੂਰੇ ਅਕਾਸ਼ ਤੇ ਤਣਿਆ ਹੈ
ਹੌਲ, ਜਿਵੇਂ ਰੱਬ ਨੂੰ ਮਿਲ ਰਹੇ ਹੋਈਏ
ਸੁੰਨ ਦੀ ਝਰਨਾਹਟ ਜਿਵੇਂ ਰਗਾਂ ਚੋਂ ਗੁਜ਼ਰਦੀ ਹੈ
ਸਭ ਸਿਮਟ ਗਿਆ ਹੈ ਤੇਰੇ ਤੇ
ਸੁੰਨੇ ਅਕਾਸ਼ ਵਿੱਚ ਜਿਵੇਂ
ਕੱਲਾ ਚੰਨ ਲਟਕਦਾ ਹੋਵੇ
ਤੇ ਧਰਤੀ ਸੌਂ ਜਾਵੇ
ਕਾਇਨਾਤ ਨੂੰ ਐਨੀ ਇਕਟਕ ਹੁੰਦਿਆਂ
ਮੈਂ ਕਦੇ ਨਹੀਂ ਦੇਖਿਆ
ਹਵਾ ਚਾਹੇ ਗੌਣ ਲੱਗੀ ਹੈ, ਸਾਰੀ ਕਵਿਤਾ
ਰੌਸ਼ਨੀ ਥਿਰਕ ਪਈ ਹੈ ਪੁਰਾਣੀਆਂ ਧੁਨਾਂ ਨਾਲ
ਤੇ ਗਹਿਰੀਆਂ ਸ਼ਾਮਾਂ ਨੂੰ
ਸ਼ਾਇਰ ਬੋਲਣ ਲੱਗਦੇ ਹਨ ਬੀਂਡਿਆਂ ਵਾਂਗ
ਪਰ ਇੱਕ ਹੌਲ ਹੈ
ਸਾਰੇ ਇਸ ਹੌਲ ਨੂੰ ਨਹੀਂ ਜਾਣਦੇ
ਅਨੰਦ ਤੇ ਦਰਦ ਬਹੁਤ ਰਲਗਡ ਹੋਏ ਹਨ
ਇੱਕ ਟਿਕਟਿਕੀ ਹੈ
ਅਨੰਤ ਨੂੰ ਮੇਧ ਰਹੀਆਂ ਕਿਰਨਾਂ ਵਰਗੀ
ਦੂਰ ਖਲਾਅ ਵਿੱਚ
ਧਰਤੀ ਜਿਵੇਂ ਇੱਕ ਤੁਪਕੇ ਵਾਂਗ ਡਿਗ ਪਏ
ਧਿਆਨ ਦੀ ਐਸੀ ਨੋਕ ਚੋਂ
ਇਕ ਹੌਲ ਨਿਕਲਦਾ ਹੈ
ਕਿਰਨਾਂ ਦੀ ਤਰਾਂ
ਮੈਂ ਸ਼ਬਦਾਂ ਵਿੱਚ ਰਿੱਝ ਰਿਹਾ ਹਾਂ
ਤੇ ਭਾਸ਼ਾ ਦੀਆਂ
ਉਨ੍ਹਾਂ ਸਭ ਤਰਤੀਬਾਂ ਨਾਲ ਲੜਦਾ ਹਾਂ
ਜਿਹੜੀਆਂ ਬੰਦੇ ਨੂੰ ਪਾਗਲ ਨਹੀਂ ਹੋਣ ਦਿੰਦੀਆਂ।