ਧੁਪ ਵਿਚ ਝੁਲਸੀ ਬੰਜਰ ਧਰਤੀ ਬੀਆਬਾਨਾਂ
ਵਿਚ ਨਜ਼ਰ ਜਿਥੇ ਤੱਕ ਜਾਵੇ ਸੁੰਨ-ਮਸਾਣਾਂ
ਵਾਂਗ ਸੰਤਰੀ ਤਣਿਆ ਰੁਖ ਅੰਚਾਰ ਖੜਾ ਹੈ
ਸਾਰੇ ਬ੍ਰਹਿਮੰਡ ਵਿਚ ਇਕੱਲਾ, ਬੜਾ ਡਰਾਉਣਾ ।
ਜਿਸ ਦਿਨ ਇਸ ਨੂੰ ਜੰਮਿਆਂ ਸੀ ਧਰਤੀ ਤ੍ਰਿਹਾਈ
ਉਸ ਦਿਨ ਸੂਰਜ ਲੋਹੜੇ ਦੀ ਸੀ ਅੱਗ ਵਰ੍ਹਾਈ
ਕੁਦਰਤ ਨੇ ਫਿਰ ਟਹਿਣੀ ਟਹਿਣੀ ਪੱਤੇ ਪੱਤੇ
ਅਤੇ ਜੜ੍ਹਾਂ ਦੇ ਰੇਸ਼ੇ ਰੇਸ਼ੇ ਜ਼ਹਿਰ ਵਸਾਈ ।
ਜ਼ਹਿਰ ਏਸ ਦੇ ਸੱਕਾਂ ਵਿਚੋਂ ਰਹੇ ਨਿਕਲਦੀ
ਸਿਖਰ ਦੁਪਹਿਰੇ ਵੇਲੇ ਧੁੱਪਾਂ ਵਿਚ ਪਿਘਲਦੀ
ਥਾਂ ਥਾਂ ਜੰਮੀ ਗੂੰਦ ਬਣੀ ਤ੍ਰਿਕਾਲਾਂ ਵੇਲੇ
ਲਿਸ਼ਕੇ ਜਿਵੇਂ ਬਲੌਰੀ ਬੂੰਦਾਂ ਪਾਰ-ਦਰਸ਼ਨੀ ।
ਕਦੇ ਕਿਸੇ ਪੰਖੇਰੂ ਏਧਰ ਮੂੰਹ ਨਾ ਕਰਿਆ
ਦੂਰ ਰਹੇ ਬੱਬਰ ਵੀ ਇਸ ਤੋਂ ਡਰਿਆ ਡਰਿਆ
ਕਾਲਾ ਝੱਖੜ ਵੀ ਆ ਜਾਵੇ ਜੇਕਰ ਏਧਰ
ਮੁੜ ਜਾਵੇ ਉਹ ਪਲ ਵਿਚ ਵਿਹੁ ਦਾ ਲੱਦਿਆ ਭਰਿਆ ।
ਤੇ ਜੇ ਕੋਈ ਭੁਲੀ ਭਟਕੀ ਇਕ ਬਦਲੋਟੀ
ਇਸ ਦੇ ਸਿਰ ਤੇ ਆ ਕੇ ਕਿਧਰੋਂ ਵਰ੍ਹ ਹੀ ਜਾਂਦੀ
ਤਪਦੇ ਰੇਤੇ ਦੀ ਹਿਕ ਉੱਤੇ ਜ਼ਹਿਰੀ ਤਿਪ ਤਿਪ
ਇਸ ਦੇ ਟਹਿਣੀ ਪੱਤਿਆਂ ਉੱਤੋਂ ਡਿਗਦੀ ਰਹਿੰਦੀ ।
ਪਰ ਬੰਦੇ ਨੇ ਬੰਦੇ ਨੂੰ ਇਕ ਹੁਕਮ ਸੁਣਾਇਆ
ਲਭਣ ਲਈ ਅੰਚਾਰ ਓਸ ਨੂੰ ਰਾਹੇ ਪਾਇਆ
ਉਠ ਤੁਰਿਆ ਉਹ ਹੁਕਮ 'ਚ ਬੱਝਾ ਮੰਜ਼ਲ ਵੱਲੇ
ਦਿਨ ਚੜ੍ਹਦੇ ਤੱਕ ਵਿਹੁ ਲੈ ਕੇ ਉਹ ਮੁੜ ਵੀ ਆਇਆ ।
ਮੁਰਝਾਏ ਪੱਤਿਆਂ ਸੰਗ ਟਹਿਣੀ, ਗੂੰਦ ਵਿਹੁਲੀ
ਹਾਜ਼ਰ ਕੀਤੀ ਮਾਲਕ ਦੇ ਉਸ ਛੋਹਲੀ ਛੋਹਲੀ
ਚਿਹਰੇ ਦਾ ਰੰਗ ਉਡਿਆ ਉਡਿਆ, ਮੱਥੇ ਉੱਤੇ
ਮੁੜ੍ਹਕਾ ਚੋਵੇ, ਉਸ ਨੂੰ ਆ ਗਈ ਠੰਡੀ ਤ੍ਰੇਲੀ ।
ਹੁਕਮ ਮੁਤਾਬਿਕ ਲੈ ਤਾਂ ਆਇਆ ਸਭ ਕੁਝ ਭਾਵੇਂ
ਆਉਂਦਾ ਹੀ ਗ਼ਸ਼ ਖਾ ਕੇ ਡਿਗਿਆ ਸਫ਼ ਤੇ ਥਾਵੇਂ
ਡਿਗਦਾ ਹੀ ਦਮ ਤੋੜ ਗਿਆ ਉਹ ਦਾਸ ਨਿਮਾਣਾ
ਅਣਜਿੱਤ ਹਾਕਮ ਦੇ ਕਦਮਾਂ ਵਿਚ ਉਸ ਦੇ ਸਾਹਵੇਂ ।
ਪਰ ਰਾਜੇ ਨੇ ਜ਼ਹਿਰ ਸੇਵਕਾਂ ਹੱਥ ਥਮਾਈ
ਆਗਿਆਕਾਰੀ ਤੀਰਾਂ ਉੱਤੇ ਪੁਠ ਚੜ੍ਹਾਈ
ਤੇ ਉਸ ਆਪਣੇ ਦੂਰ ਨੇੜ ਹਮਸਾਇਆਂ ਉੱਤੇ
ਸੀਮਾ ਪਾਰ ਘਰੀਂ ਉਹਨਾਂ ਦੇ ਮੌਤ ਵਰ੍ਹਾਈ ।