ਅਣਛੂਹਿਆ ਹੋਂਠ

ਅਸਲ ਵਿੱਚ

ਜਿੰਨੀ ਉਸ ਦੀ ਉਮਰ ਸੀ

ਉਸਦੇ ਹੋਂਠ ਦੀ ਉਮਰ

ਉਸ ਤੋਂ ਕਿਤੇ ਨਿੱਕੀ ਸੀ

ਉਸ ਦੇ ਪ੍ਰੋੜ ਚਿਹਰੇ ’ਤੇ

ਉਸ ਦਾ ਅਣਛੂਹਿਆ ਹੋਂਠ

ਉਚੇਚਾ ਨਜ਼ਰ ਆਉਂਦਾ ਸੀ

ਧਿਆਨ ਨਾਲ ਵੇਖਿਆਂ ਲੱਗਦਾ ਸੀ

ਜਿਵੇਂ ਸੈਨਤਾਂ ਮਾਰ ਕੇ ਬੁਲਾਉਂਦਾ ਸੀ

 

ਅੱਧ-ਉਮਰ ਪਾਰ ਕਰ ਚੁੱਕੀ

ਉਹ ਔਰਤ ਹੈਰਾਨ ਸੀ

ਕਿ ਇਕ ਆਦਮੀ ਨਾਲ ਉਸਨੇ

ਉਮਰ ਦੇ ਕਿੰਨੇ ਵਰ੍ਹੇ ਗੁਜ਼ਾਰ ਦਿੱਤੇ

ਕਈ ਦਹਾਕੇ ਉਸ ਨਾਲ ਸੌਂਦੀ ਰਹੀ

ਉਸਦੀ ਛਾਵੇਂ ਭੌਂਦੀ ਰਹੀ

 

ਪਤੀ ਉਸਦਾ ਹਰ ਰੋਜ਼

ਉਸ ਨਾਲ ਸੌਂਦਾ ਰਿਹਾ

ਬੱਚੇ ਜੰਮਦੀ ਰਹੀ ਉਹ ਉਸਦੇ

ਪੜ੍ਹਾਉਂਦੀ ਰਹੀ

ਘਰ ਦੀਆਂ ਜ਼ਿੰਮੇਵਾਰੀਆਂ

ਨਿਭਾਉਂਦੀ ਰਹੀ

ਪਰ ਉਸਦੇ ਪਤੀ ਨੂੰ

ਆਪਣੀ ਬੀਵੀ ਦੇ ਅਣਛੂਹੇ ਹੋਂਠ ਦਾ

ਇਲਮ ਨਹੀਂ ਸੀ

ਕਿੰਨੇ ਹੀ ਅੰਗ ਸਨ

ਜੋ ਉਸਨੇ ਕੋਲ ਪਈ ਬੀਵੀ ਦੇ

ਕਦੇ ਵੇਖੇ ਹੀ ਨਹੀਂ ਸਨ

ਹਨ੍ਹੇਰੇ ਵਿੱਚ ਸਦਾ ਉਹ

ਉਸ ਨਾਲ ਸੌਂਦਾ ਤਾਂ ਰਿਹਾ

ਪਰ ਸਿਰਫ਼ ਬੱਚਿਆਂ ਦੀ ਉਤਪਤੀ ਲਈ

ਜਾਂ ਖ਼ੁਦ ਨੂੰ ਖ਼ਲਾਸ ਕਰਨ ਲਈ

 

ਅੱਧੀ ਉਮਰ ਵਿਹਾ ਚੁੱਕੀ

ਉੁਸ ਔਰਤ ਨੇ

ਅਚਨਚੇਤ ਇਕ ਦਿਨ

ਧਿਆਨ ਨਾਲ ਸ਼ੀਸ਼ਾ ਵੇਖਿਆ

ਸ਼ੀਸ਼ੇ ਵਿੱਚ ਉਸਨੇ

ਅਣਛੂਹਿਆ ਆਪਣਾ ਹੋਂਠ ਦੇਖਿਆ

ਕਸਿਆ ਹੋਇਆ

ਆਪਣਾ ਜਿਸਮ ਤੱਕਿਆ

 

ਉਸਦੇ ਧੁਰ ਅੰਦਰੋਂ

ਇਕ ਹਾਉਕਾ ਨਿਕਲਿਆ

ਅਤੇ ਉਹ ਫੇਰ ਆਪਣੀ

ਜਵਾਨੀ ਵਿੱਚ ਪਰਤ ਗਈ

 

ਜਿੱਥੇ ਸਭ ਕੁਝ

ਅਣਛੂਹਿਆ ਸੀ

ਜਿੱਥੇ ਸਭ ਕੁਝ

ਜਵਾਨ ਸੀ।

📝 ਸੋਧ ਲਈ ਭੇਜੋ