ਅੰਦਰ ਬਾਹਰ ਦੀਵਾ ਬਾਲ ਪੰਜਾਬੀ ਦਾ
ਰੌਸ਼ਨ ਹੋਵੇ ਘਰ ਖੁਸ਼ਹਾਲ ਪੰਜਾਬੀ ਦਾ
ਦੁੱਲਾ ਭੱਟੀ ਜਿਸ ਦੀ ਪਿੱਠ 'ਤੇ ਹੱਥ ਧਰੇ
ਕੌਣ ਕਰੇਗਾ ਵਿੰਗਾ ਵਾਲ ਪੰਜਾਬੀ ਦਾ
ਰੱਬਾ ਮੇਰਾ ਦਾਣਾ ਪਾਣੀ ਮੁਕ ਜਾਏ
ਜੇ ਨਾ ਹੋਵਾਂ ਨਮਕ ਹਲਾਲ ਪੰਜਾਬੀ ਦਾ
ਚੰਨ ਰਾਤ ਦਾ ਦਿਨ ਦਾ ਸੂਰਜ ਹੋਵੇਗਾ
ਦੂਣਾ ਹੋਵੇਗਾ ਇਕਬਾਲ ਪੰਜਾਬੀ ਦਾ
ਰਹਿਜ਼ਨ ਕੋਲੋਂ ਰਸਤਾ ਪੁੱਛਦੇ ਆਏ ਹਾਂ
ਝੰਡਾ ਚੁੱਕ ਕੇ ਨਾਲੋ ਨਾਲ ਪੰਜਾਬੀ ਦਾ
ਸ਼ਾਲਾ ਮੇਰੀ ਉਮਰ ਉਹਨਾਂ ਨੂੰ ਲੱਗ ਜਾਏ
ਜਿੱਥੇ ਕਿੱਥੇ ਵੀ ਹੈ ਲਾਲ ਪੰਜਾਬੀ ਦਾ
ਪੈਂਤੀ ਅੱਖਰਾਂ ਵਿਚ ਸਮੁੰਦਰ ਸੋਚਾਂ ਦਾ
ਸੋਚਾਂ ਦੀ ਤਹਿ ਹੇਠ ਉਛਾਲ ਪੰਜਾਬੀ ਦਾ
ਵਾਰਸ, ਬੁੱਲ੍ਹਾ, ਨੂਰਪੁਰੀ ਤੇ ਸ਼ਿਵ ਕੁਮਾਰ
ਹੁਣ ਉਹ ਕਿੱਥੇ ਹੁਸਨ ਜਮਾਲ ਪੰਜਾਬੀ ਦਾ
ਤਾਂਬਾਤਾਸ ਜਮੀਨ ਤੇ ਨੀਲਾ ਕੱਚ ਅਸਮਾਨ
ਇੱਕ ਤੋਂ ਦੂਜਾ ਭਾਈਵਾਲ ਪੰਜਾਬੀ ਦਾ