ਕੱਲਰਾਂ ਦੇ ਵਿੱਚ ਬਿਖਰੇ ਪਏ ਨੇ,

ਟੁੱਕੜੇ ਮੇਰੇ ਵਿਚਾਰਾਂ ਦੇ।

ਕੱਠੇ ਕਰਦਾ, ਭੱਜਿਆ ਫਿਰਦਾ,

ਕੱਲਾ ਵਾਂਗ, ਲਾਚਾਰਾਂ ਦੇ।

ਕੁੱਝ ਪੱਤਝੜ ਦੇ ਸਾਥੀ ਹੋ ਗਏ,

ਕੁੱਝ ਹੋ ਗਏ ਬਹਾਰਾਂ ਦੇ।

ਰੂਹ ਮੇਰੀ ਦਾ ਕੋਈ ਨਾ ਹੋਇਆ,

ਨਿੱਘਰੀ ਵਾਂਗ ਬਿਮਾਰਾਂ ਦੇ।

ਵਖਤ ਨਿਰੰਤਰ ਬੁਣਦਾ ਜਾਂਦਾ,

ਜਾਲ ਕੰਡਿਆਲੀਆਂ ਤਾਰਾਂ ਦੇ।

ਜਿੰਦ ਨਿਮਾਣੀ ਕਦ ਤੱਕ ਸਹਿੰਦੀ,

ਦਰਦ ਹਿਜਰ ਦੀਆਂ ਮਾਰਾਂ ਦੇ।

ਮੈਂ ਤੱਤੜੀ ਦੀ ਡੋਲੀ ਲੈ ਕੇ, ਕੰਤ ਨੂੰ  ਲੱਭਦੇ ਫਿਰਦੇ ਜੋ,

ਵੱਜੋ-ਵੱਤੇ, ਜੋਤੋਂ ਹੀਣੇ, ਸਦਕੇ ਉਹਨਾ ਕੁਹਾਰਾਂ ਦੇ।

ਅੰਦਰ ਮੇਰੇ ਜੰਗ ਨੀ ਠੱਲ੍ਹਦੀ, ਮੂੰਹ ਮੁੜ ਗਏ ਤਲਵਾਰਾਂ ਦੇ ।

ਤੇਰੇ ਬਾਝੋਂ ਕਿਸ ਨੇ ਕਰਨੇ, ਨਿਰਣੇ ਜਿੱਤਾਂ ਹਾਰਾਂ ਦੇ ।

ਤੇਰੇ ਤੋਂ ਨਾ ਸਰੇ ਹੁੰਗਾਰੇ, ਮੇਰੀਆਂ ਕਈ ਪੁਕਾਰਾਂ ਦੇ ।

"ਮੰਡੇਰ" ਵੀ ਤੈਨੂੰ ਬੁਲਾ ਕੇ ਛੱਡੂ, ਪੱਕੇ ਨਿਸਚੇ ਯਾਰਾਂ ਦੇ॥

📝 ਸੋਧ ਲਈ ਭੇਜੋ