ਅਣਗੌਲੀਆ ਚੀਜ਼ਾਂ
ਘਰਾਂ ਵਿੱਚ ਹੁੰਦੀਆਂ ਨੇ ਅਨੇਕਾਂ ਅਣਗੌਲ਼ੀਆਂ ਚੀਜ਼ਾਂ
ਕੱਪੜੇ ਸੁਕਾਉਣ ਵਾਲੀ ਤਾਰ
ਦੱਸਦੀ ਹੈ ਘਰ ਨੂੰ ਵੱਸਦਾ
ਰੋਜ਼ ਸਵੇਰੇ ਭਰ ਜਾਂਦੀ ਹੈ ਧੋਤੇ ਹੋਏ ਕੱਪੜਿਆਂ ਨਾਲ
ਦੁਪਹਿਰ ਤਕ ਖਾਲੀ ਹੋ ਜਾਂਦੀ ਹੈ
ਰੜ੍ਹਦੀ ਹੈ ਧੁੱਪ ਵਿੱਚ
ਠਰਦੀ ਹੈ ਠੰਢ ਵਿੱਚ
ਪਰ ਅਡੋਲ ਖੜ੍ਹੀ ਰਹਿੰਦੀ
ਗੇਟ ਕੋਲ ਪਈ ਇੱਟ
ਗੇਟ ਖੁੱਲ੍ਹਣ ਤੇ ਮੂਹਰੇ ਰੱਖ ਦਿੰਦੇ ਹਾਂ
ਰੋਕਦੀ ਹੈ ਗੇਟ ਨੂੰ ਅੱਗੇ ਆਉਣ ਤੋਂ
ਬਚਾਉਂਦੀ ਹੈ ਸਾਡੀਆਂ ਗੱਡੀਆਂ
ਬਣਾਉਂਦੀ ਹੈ ਸਾਡੇ ਲਈ ਰਾਹ
ਲੰਘਾਉਂਦੀ ਹੈ ਸਾਨੂੰ ਪਾਰ
ਪਈ ਰਹਿੰਦੀ ਹੈ ਗੇਟ ਦੇ ਕੋਲ
ਗਰਮੀ ਸਰਦੀ ਸਭ ਕੁਝ ਸਹਿੰਦੀ
ਅਡੋਲ ਪਈ ਰਹਿੰਦੀ
ਅਣਗੌਲੀਆਂ ਹੀ ਰਹਿ ਜਾਂਦੀਆਂ ਹਨ ਕੁਝ ਸੱਧਰਾਂ
ਤੇ ਕੁਝ ਚਾਅ
ਇਨ੍ਹਾਂ ਅਣਗੌਲ਼ੀਆਂ ਚੀਜ਼ਾਂ ਤੋਂ ਬਿਨਾਂ
ਸਰਦਾ ਵੀ ਨਹੀਂ ਸਾਡਾ