ਮਚ ਅੰਗ ਅਗਨ ਅੰਗਿਆਰੀ
ਨਚ ਚਿੱਤ ਚਿਣਗ ਚਿੰਗਿਆਰੀ
ਦਾਨੋ-ਦਲ-ਭਸਮਣਹਾਰੀ
ਜੈ ਅੰਗਿਆਰੀ
ਅੰਗਿਆਰੀ
ਹੈ ਮਹਾ ਅੰਧ ਹਰ ਪਾਸੇ
ਵਿਚ ਮੇਰੇ ਬੋਲ ਗੁਆਚੇ
ਕਾਲਖ ਵਿਚ ਵੇਦਨ ਕਾਲੀ
ਬੇਗੌਲੀ ਬਿਨਾ ਉਚਾਰੀ
ਜੈ ਅੰਗਿਆਰੀ
ਅੰਗਿਆਰੀ
ਹਰ ਥਾਂ ਕਾਲੀ ਖ਼ਾਮੋਸ਼ੀ
ਇਕ ਬਿਨ ਅਪਰਾਧ ਨਮੋਸ਼ੀ
ਮੈਂ ਧੂੰਆਂ ਧੂੰਆਂ ਜੀਵਾਂ
ਦੇ ਲਾਲ ਸ਼ਰਮ ਇਕ ਵਾਰੀ
ਜੈ ਅੰਗਿਆਰੀ
ਅੰਗਿਆਰੀ
ਮਾਂ ਮੰਤਰ ਜਦੋਂ ਚਲਾਵੇ
ਬਲਦਾ ਬੰਦਾ ਬੁਝ ਜਾਵੇ
ਭਸਮੀ 'ਚੋਂ ਲਭ ਕੇ ਦੇ ਦੇ
ਚਿਣਗੀ ਚਿਣਗੀ ਚਿੰਗਿਆਰੀ
ਜੈ ਅੰਗਿਆਰੀ
ਅੰਗਿਆਰੀ