ਇਕ ਦਿਨ ਅਖੀਰ ਇੰਜ ਹੋਣਾ ਸੀ
ਜਿਸ ਗਲੀ ਵਿਚ ਘਿਰ ਗਏ ਸੀ ਆਪਾਂ
ਉਹ ਆਖਰੀ ਸਿਰੇ ਤੋਂ ਬੰਦ ਸੀ ।
ਗਲੀ ਤੋਂ ਵਾਕਫ਼ ਸਿਆਣੇ ਸਮਝਾਉਂਦੇ ਰਹੇ
ਵਾਸਤੇ ਪਾਉਂਦੇ ਰਹੇ ।
ਪਰ ਜਦੋਂ ਬਾਂਕੇ ਸਜੀਲੇ ਗੱਭਰੂ
ਖੜੇ ਹੋਣ ਸ਼ਸਤਰ ਸੰਭਾਲੀ
ਹੁਕਮ ਦੀ ਤਾਮੀਲ ਖਾਤਰ
ਤਾਂ ਗੱਲ ਸੁਣਨੀ ਤੇ ਸਮਝ ਆਉਣੀ
ਹਟ ਜਾਂਦੀ ਹੈ ।
ਕੇਹੇ ਦਿਨ ਸਨ
ਕਿ ਹਰ ਸੁਣੀ ਨੂੰ ਅਣ-ਸੁਣੀ ਕਰ ਮਨ ਆਈਆਂ ਕਰਦੇ ਹਾਂ
ਟੋਕਣ ਵਾਲਿਆਂ ਸਿਰ ਗੱਦਾਰੀ ਦੇ ਇਲਜ਼ਾਮ ਧਰਦੇ ਹਾਂ
ਤੇ ਹੁਣ ਜਦੋਂ ਕੁਝ ਵੀ ਬਚਿਆ ਨਹੀਂ ਹੈ ਬਾਕੀ
ਘਰ ਥੇਹ ਬਣਿਆ ਪਿਆ ਹੈ
ਵਿਹੜੇ ਵਿਚ ਲਾਸ਼ਾ ਹੀ ਲਾਸ਼ਾਂ ਨੇ
ਸੁਹਣੇ ਸਜੀਲੇ ਗੱਭਰੂਆਂ ਦੀਆਂ
ਤੇ ਜਾਂ ਫਿਰ ਬਚਿਆ ਹੈ
ਹਰ ਔਖੀ ਘੜੀ ਲਈ ਸਾਂਭ ਕੇ ਰੱਖਿਆ
ਆਖਰੀ ਹਥਿਆਰ,
ਭਾਣਾ ਮੰਨਣ ਦਾ ਸਿਧਾਂਤ ।