ਸੱਚ
ਅਖ਼ਬਾਰ ਦੀਆਂ ਸੁਰਖੀਆਂ 'ਚ ਨਹੀਂ ਦਿੱਸਦਾ
ਸੱਚ
ਸਿਆਸਤ ਦੇ ਅਭਿਨੈ 'ਚੋਂ ਨਹੀਂ ਦਿੱਸਦਾ
ਸੱਚ
ਜਦੋਂ ਵੀ ਸੁਣਦਾ ਹੈ
ਤੋਤਲੇ
ਡਰੇ ਹੋਏ
ਤੇ ਤਰਲੇ ਭਰੇ ਬੋਲਾਂ 'ਚੋਂ ਸੁਣਦਾ ਹੈ
ਸੱਚ
ਜਦੋਂ ਵੀ ਦਿੱਸਦਾ ਹੈ
ਸੁਭਾਵਕਤਾ ਦੀ ਧਰਤੀ 'ਤੇ
ਭੁੱਖੇ ਪੇਟ ਦੌੜੰਗੇ ਲਾਉਂਦਾ ਹੋਇਆ ਦਿੱਸਦਾ ਹੈ
ਸੱਚ
ਜਦੋਂ ਵੀ ਨੱਚਦਾ ਹੈ
ਅੱਖਾਂ ਦੀਆਂ ਪੁਤਲੀਆਂ 'ਚ
ਅਣਕੱਜਿਆ ਹੀ ਨੱਚਦਾ ਹੈ
ਸੱਚ
ਜਦੋਂ ਵੀ ਬੋਲਦਾ ਹੈ
ਮੌਨ ਭਾਸ਼ਾ 'ਚ ਬੋਲਦਾ ਹੈ
ਸੱਚ
ਜਦੋਂ ਵੀ ਉੱਗਦਾ ਹੈ
ਜ਼ਿਹਨ ਦੀ ਧਰਤ ਦੇ ਜ਼ਰ੍ਹੇ-ਜ਼ਰ੍ਹੇ 'ਚੋਂ ਉੱਗਦਾ ਹੈ
ਬੁੱਧ
ਪੱਥਰ ਦੀਆਂ ਮੂਰਤੀਆਂ 'ਚੋਂ ਨਹੀਂ ਲੱਭਦੇ
ਬੁੱਧ
ਹੱਡ-ਮਾਸ ਦੀ ਕੁੱਖ 'ਚੋਂ ਜਨਮ ਲੈਂਦੇ
ਚੱਲ, ਹੁਣ ਆਪਾਂ ਵੀ
ਸੱਚ ਦੀ ਸਰਦਲ 'ਤੇ ਖੜ੍ਹਕੇ
ਪੱਥਰ ਤੋਂ ਕਾਇਆ 'ਚ ਤਬਦੀਲ ਹੋਈਏ