ਅਨਮੋਲ ਰਤਨ- ਗੁਰੂ

ਗੁਰੂ ਅਨਮੋਲ ਰਤਨ ਹੈ

ਬਿਨ ਗੁਰੂ ਹੋਏ ਹਨੇਰਾ ।

ਗੁਰੂ ਹੈ ਦੀਪਕ ਗਿਆਨ ਦਾ

ਕਰੇ ਰੋਸ਼ਨ ਚਾਰ ਚੁਫੇਰਾ ॥

ਬਿਨ ਕਿਰਪਾ ਗੁਰੂ ਮਿਲੇ ਨਾ

ਗੁਰੂ ਬਿਨ ਜਪਿਓ ਨਾ ਰਾਮ ।

ਲੱਖ ਕਿਤਾਬਾਂ ਪੜ੍ਹ ਥੱਕੇ

ਗੁਰੂ ਬਿਨ ਮਿਲੇ ਨਾ ਗਿਆਨ ॥

ਇਹ ਮਨ ਬੈਠਾ ਗੁਰ ਚਰਨੀ

ਤਨ ਮਨ ਨਿਰਮਲ ਹੋਏ ।

ਮਿੱਟ ਜਾਏ ਤੂਤੀ ਤੂੰ ਦੀ

ਬਾਕੀ ਬਚੇ ਨਾ ਕੋਈ ॥

ਜਿਸ ਨੂੰ ਗੁਰੂ ਮਾਨੀਏ

ਤਾਂ ਸੰਗ ਜਾ ਬਹਿ ਜਾਈਏ ।

ਗੁਰੂ ਮੰਗੇ ਕੁਰਬਾਨੀ ਜੋ

ਹੱਸ ਹੱਸ ਸੀਸ ਕਟਾਈਏ ॥

ਰੱਬ ਦਾ ਕਰੀਏ ਸ਼ੁਕਰ ਸਦਾ

ਭਾਵੇਂ ਲੱਖ ਮੁਸੀਬਤ ਹੋਏ ।

ਗੁਰੂ ਨੂੰ ਮੰਦਾ ਨਾ ਆਖੀਏ

ਭਾਵੇਂ ਕੱਟ ਕੱਟ ਟੋਟੇ ਹੋਏ ॥

ਗੁਰੂ ਰਤਨ ਅਨਮੋਲ ਹੈ

ਵਡਭਾਗੀ ਹੀ ਜੋ ਪਾਏ ।

ਜੋ ਜਨ ਗੁਰੂ ਕੋ ਬਿਸਰੇ

ਭਾਗ ਹੀਣ ਹੋ ਜਾਏ ॥

ਗੁਰੂ ਜਪਾਏ ਰਾਮ ਨਾਮ

ਪੜ੍ਹ ਪੜ੍ਹ ਸੋਝੀ ਆਏ ।

ਕੱਟ ਚੌਰਾਸੀ ਜੂਨ ਦੀ

ਜੋਤੀ ਜੋਤ ਮਿਲਾਏ ॥

ਕਾਲ਼ੀ ਕਾਲਖ ਕਾਲ ਦੀ

ਵਿਚ ਤਨ ਮਨ ਕਾਲਾ ਪਾਈਏ ।

ਲੱਖ ਤੀਰਥ ਨਾ ਉੱਜਲੇ

ਭਾਵੇਂ ਰੱਜ ਰੱਜ ਗੰਗਾ ਨਾਈਏ ॥

ਗੁਰੂ ਹੈ ਦੀਪਕ ਗਿਆਨ ਦਾ

ਕਾਲ਼ੀ ਕਾਲਖ ਮਾਰ ਮੁਕਾਏ ।

ਕਰ ਉਜੀਆਰਾ ਨਾਮ ਦਾ

ਮਨ ਨਾਮ ਦੀ ਜੋਤ ਜਗਾਏ ॥

ਬਲਿਹਾਰੀ ਉਸ ਗੁਰੂ ਦੇ

ਜੋ ਗੁਰੂ ਰਾਮ ਮਿਲਾਏ ।

ਵਾਂਗ ਜੋਤੀ ਜਲ ਜਾਏ ਜੋ

ਜੱਗ ਰੋਸ਼ਨ ਕਰ ਜਾਏ ॥

ਸ਼ੀਤਲ ਹਵਾ ਹੈ ਗੁਰੂ

ਤਪਦਾ ਮਨ ਕਰੇ ਸ਼ੀਤ ।

ਕਿਸੇ ਨਾਲ ਕੋਈ ਵੈਰ ਨਾ

ਸੱਭ ਸੰਗ ਇਕ ਪ੍ਰੀਤ ॥

📝 ਸੋਧ ਲਈ ਭੇਜੋ