ਮਸਿਆ ਦੀ ਰਾਤੇ ਜੀ ਕਰਦਾ ਏ
ਅੰਨ੍ਹੇ ਖੂਹ ਤਕ ਜਾਵਾਂ
ਉਸ ਦੇ ਕੰਢੇ ਬਾਲ ਅਞਾਣਾ
ਦੀਵਾ ਇਕ ਜਗਾਵਾਂ
ਜੇ ਨਿੱਕੀ ਅੱਗ ਚਾਂਗਰ ਮਾਰੇ
ਮੂਲ ਨ ਚੁਪ ਕਰਾਵਾਂ
ਚਾਂਗਰ ਸੁਣ ਕੇ ਖੂਹ ਦਾ ਪਾਣੀ
ਜੇ ਆ ਜਾਏ ਉਤਾਹਾਂ
ਤਾਂ ਲੱਖ ਲੱਖ ਸ਼ੁਕਰ ਮਨਾਵਾਂ
ਜੇ ਨਾ ਆਏ ਤਾਂ ਸੁੱਤਾ ਪਾਣੀ
ਕੰਕਰ ਮਾਰ ਬੁਲਾਵਾਂ
ਪੁੱਛਾਂ ਉਸ ਅਣਵਰਤੇ ਤਾਂਈਂ
ਕੀ ਤੇਰੇ ਮਨ ਦੀਆਂ ਚਾਹਵਾਂ
ਜੇ ਨਾ ਬੋਲੇ, ਕੱਚੇ ਧਾਗੇ
ਧੁਰ ਹੇਠਾਂ ਲਹਿ ਜਾਵਾਂ
ਜਗਦੀ ਮਘਦੀ ਇਕ ਛਿਟ ਅੱਗ ਦੀ
ਅੰਨ੍ਹੀ ਅੱਖ ਵਿਚ ਪਾਵਾਂ
ਮਸਿਆ ਦੀ ਰਾਤੇ ਜੀ ਕਰਦਾ ਏ
ਅੰਨ੍ਹੇ ਖੂਹ ਤਕ ਜਾਵਾਂ
ਉਸ ਦੇ ਕੰਢੇ ਬਾਲ ਅਞਾਣਾ
ਦੀਵਾ ਇਕ ਜਗਾਵਾਂ