ਭੂਆ ਵਿੱਚ ਦਾਦੀ
ਭੈਣ ਵਿੱਚ ਮਾਂ
ਪੁੱਤਰ ਵਿੱਚ ਪਿਤਾ ਦੇ
ਅਕਸ ਨਕਸ਼
ਝਲਕਣ ਲੱਗ ਪੈਂਦੇ ਹਨ
ਹੌਲੀ ਹੌਲੀ ..
ਅਸੀਂ ਸਭ ਆਪਣੇ ਪਿਤਰਾਂ ਦੇ
ਅਨੋਖੇ ਪੁਰਾਲੇਖ ਬਣ ਜਾਂਦੇ ਹਾਂ
ਹੌਲ਼ੀ ਹੌਲ਼ੀ …
ਕਾਦਰ ਦੀ ਕੁਦਰਤ ਦੇ
ਤੁਰਦੇ ਫਿਰਦੇ ਪੁਰਾਤੱਤਵ ਅਜਾਇਬ ਘਰ
ਅਜਾਇਬ ਘਰ -
ਜਿਨ੍ਹਾਂ ਵਿੱਚ ਨਿਰਜਿੰਦ ਨਹੀ
ਜ਼ਿੰਦਾ ਅਵਸ਼ੇਸ਼ ਸਾਂਭੇ ਹੁੰਦੇ ਨੇ
ਪਿਤਰਾਂ ਪੁਰਖਿਆਂ ਦੇ
ਉਹਨਾਂ ਦੇ ਕੱਦ ਕਾਠ ,
ਡੀਲ ਡੌਲ , ਰੰਗਾਂ , ਮੜ੍ਹੰਗਿਆਂ ਦੇ
ਅਜਾਇਬ ਘਰ -
ਜਿਹਨਾ ਵਿੱਚ ਸਿਰਫ ਪੁਰਖਿਆਂ ਦੇ
ਜ਼ਿੰਦਾ ਅਵਸ਼ੇਸ਼ ਹੀ ਨਹੀਂ
ਵੱਖ ਵੱਖ ਬੋਲੀਆਂ ਲਿੱਪੀਆਂ ਤੇ
ਰੀਤਾਂ ਰਵਾਇਤਾਂ ਦੇ
ਸਜੀਵ ਸ਼ਿਲਾਲੇਖ ਵੀ ਸਾਂਭੇ ਹੁੰਦੇ ਨੇ
ਨਸਲ ਦਰ ਨਸਲ ।