ਅੰਸ ਮੇਰੀ ਮੂੰਹ ਮੋੜ ਖਲੋਤੀ
ਗੱਲ ਨ ਕਰਦੀ ਕੋਅ
ਨੈਣਾਂ ਵਿਚ ਅੱਥਰੂ ਪਥਰਾਏ
ਮਾਂਦੀ ਪੈ ਗਈ ਲੋਅ
ਪੈਰ ਬਰੂਹਿਓਂ ਪਾਰ ਨ ਪੈਂਦਾ
ਕਿਸ ਬਿਧ ਵਿਦਿਆ ਹੋਅ
ਕਿਸ ਟੂਣੇ ਨੇ ਵਕਤ ਕੁਵੱਲੜੇ
ਕੀਤਾ ਵੈਰ ਧਰੋਹ ।
ਧੀਅੜੀਏ ਤੇਰਾ ਬਾਬਲ ਪੁੱਛਦਾ
ਹੋਣੀ ਗਈ ਕੀ ਹੋਅ
ਕਿਸ ਸੰਸੇ ਦਾ ਕੀਲ ਏ ਤੈਨੂੰ
ਕੁਝ ਰੋਸਾ ਜਾਂ ਮੋਹ
ਰੂਪ ਤੇਰੇ ਨੂੰ ਵੱਟਣਾ ਦਿੱਤਾ
ਚਾਨਣ ਦੇ ਵਿਚ ਗੋਅ
ਨੈਣ ਤੇਰੇ ਨੂੰ ਸੁਫ਼ਨੇ ਦਿੱਤੇ
ਹੰਝੂਆਂ ਵਿਚ ਭਿਓਂ।
ਮੱਥੇ ਦੇ ਵਿਚ ਕਲ੍ਹ ਦੀਆਂ ਕਿਰਨਾਂ
ਦਿੱਤੀਆਂ ਅੱਜ ਪਰੋਅ
ਪੈਰਾਂ ਨੂੰ ਰਾਹਾਂ ਦਾ ਚੁੰਮਣ
ਮੰਜ਼ਿਲ ਦੀ ਕਨਸੋਅ
ਮੈਂ ਬਾਬਲ ਕੁਝ ਦੇਣ ਨ ਜੋਗਾ
ਤੈਥੋਂ ਕੀ ਲੁਕੋ
ਜਾ ਧੀਏ ਤੈਨੂੰ ਵਾਟ ਉਡੀਕੇ
ਪੈਂਡਾ ਸਫ਼ਲਾ ਹੋਅ।
ਟੁੱਟੇ ਕੀਲ, ਫਰਕੀਆਂ ਬੁੱਲ੍ਹੀਆਂ
ਅੱਖੀਆਂ ਪਈਆਂ ਚੋਅ
ਬਾਬਲ ਵੇ ਤੂੰ ਸਭ ਕੁਝ ਦਿੱਤਾ
ਥੋੜ੍ਹ ਰਹੀ ਨ ਕੋਅ
ਰੂਪ ਦਾਜ ਦਾ ਕੀ ਭਰਵਾਸਾ
ਸਾਈਂ ਸੱਕਣ ਨ ਮੋਹ
ਦੇ ਬਾਬਲ ਸਾਨੂੰ ਇਕ ਦੋ ਬੂੰਦਾਂ
ਮੁੜ੍ਹਕੇ ਦੀ ਖੁਸ਼ਬੋ ।