ਅੰਤਾਂ ਦਾ ਸ਼ੋਰ ਹੈ ਅੰਦਰ, ਬਾਹਰੋਂ ਚੁੱਪ ਕਿਉਂ ਰਹਿਨਾ ਏਂ।
ਖੁਦ ਸਰ ਹੋਈਆਂ ਮੰਜਿਲਾਂ ਨਾ, ਲੋਕਾਂ ਨੂੰ ਮੱਤਾਂ ਦੇਨਾਂ ਏਂ।
ਹੌਸਲਾ ਚੀਜ ਹੈ ਵੱਡੀ, ਕਾਸ਼ ! ਤੂੰ ਜਾਣਿਆ ਹੁੰਦਾ,
ਕਿਉਂ ਕੱਚੇ ਘਰਾ ਦੇ ਵਾਂਗੂੰ, ਐਵੇ ਡਿੱਗ ਢਹਿ ਪੈਨਾ ਏਂ ?
ਜੋ ਸੱਚ ਪਾਉਣ ਦੀ ਖਾਤਿਰ ਮਨਸੂਰ ਸੂਲੀ ਚੜ੍ਹਿਆ ਸੀ,
ਉਹ ਸੱਚ ਤੈਨੂੰ ਕਿਉਂ ਨਹੀ ਦਿਸਦਾ, ਝੂਠ ਦੇ ਪਿੱਛੇ ਰਹਿਨਾ ਏਂ।
ਰੱਬ ਤੂੰ ਜਿਸਨੂੰ ਹੈ ਮੰਨਦਾ, ਕਿਤੇ ਵੀ ਕੈਦ ਨਹੀਂ ਹੁੰਦਾ,
ਉਹ ਤੇਰੇ ਅੰਦਰ ਹੈ ਬੈਠਾ, ਬਾਹਰ ਕਿਉਂ ਲੱਭਦਾ ਰਹਿਨਾ ਏਂ।
ਹੀਰ, ਸੱਸੀ 'ਤੇ ਸੋਹਣੀ, ਸਦਾ ਹੀ ਯਾਦ ਨੇ ਤੈਨੂੰ,
ਗੁਜਰੀ, ਫਾਤਿਮਾ, ਮੀਰਾ ਕਿਉਂ ਮਨੋ ਵਿਸਾਰ ਬਹਿਨਾ ਏਂ।
ਪਿਆਰ ਖੋਪਰ ਲਹਾਉਦਾ ਏ, ਇਹ ਘੁੰਗਰੂ ਬੰਨ੍ਹ ਨੱਚਦਾ ਏ,
ਜੋ ਜਿਸਮਾਂ 'ਤੇ ਮੁੱਕਦਾ ਏ, ਉਹਨੂੰ ਤੂੰ ਪਿਆਰ ਕਹਿਨਾ ਏਂ।
ਮੁਹੰਮਦ, ਨਾਨਕ , ਈਸਾ ਦਾ, ਮੁਕਾਮ ਹੈ ਇੱਕੋ,
ਕਿਉ 'ਸੱਤੇ ਸ਼ਿਵਗੜ੍ਹ ਵਾਲਿਆ' ਉਏ, ਦਿਲਾਂ ਨੂੰ ਵੰਡਦਾ ਰਹਿਨਾ ਏਂ।