ਸਭਿਅਤਾ ਦੇ ਉਦੈ ਤੋਂ ਪਹਿਲਾਂ

ਸਨ ਸਾਰੇ ਜਲ ਥਲ

ਸਭਿਆਤਾ ਦੇ ਉਦੈ ਦੇ ਮਗਰੋਂ 

ਧਰਤੀ ਉੱਤੇ ਵੱਜੀਆਂ ਲੀਕਾਂ 

ਨਾਲ ਸਮੇਂ ਦੇ ਫ਼ੈਲਦੀਆਂ 

ਤੇ ਸੁੰਗੜਦੀਆਂ ਜੋ

ਇਹ ਲੀਕਾਂ ਬਣ ਗਈਆਂ ਹੱਦਾਂ 

ਫਿਰ ਹੱਦਾਂ ਬਣੀਆਂ ਸਰਹੱਦਾਂ

ਵੰਡੇ ਗਏ ਟੁਕੜਿਆਂ ਅੰਦਰ 

ਖੇਤ ਖਦਾਨ ਮਾਰੂਥਲ ਜੰਗਲ 

ਦਰਿਆਵਾਂ ਦੇ ਵਹਿਣ ਤੇ ਪਰਬਤ 

ਦੂਰ ਤਕ ਫੈਲੇ ਹੋਏ ਸਾਗਰ

ਵੰਡੇ ਗਏ ਕੁਦਰਤ ਦੇ ਬੰਦੇ

ਰਾਜ ਬਣੇ ਫਿਰ ਦੇਸ਼ ਬਣੇ

ਤੇ ਬਣੀਆਂ ਕੌਮਾਂ

ਪਹਿਲਾਂ ਆਪਣੀ ਰੋਜ਼ੀ ਲਈ

ਔਜ਼ਾਰ ਬਣਾਏ

ਫਿਰ ਦੂਜੇ ‘ਤੇ ਕਬਜ਼ੇ ਲਈ 

ਹਥਿਆਰ ਬਣਾਏ

ਵਾਰ ਵਾਰ ਟਕਰਾਵਣ ਕੌਮਾਂ

ਸਦੀਆਂ ਪਿੱਛੋਂ ਸਦੀਆਂ ਬਣੀਆਂ 

ਜੰਗਾਂ ਦਾ ਇਤਿਹਾਸ

ਦੋ ਧਿਰਾਂ ਦਾ ਇਕੋਂ ਥਾਂ ‘ਤੇ ਲਹੂ ਡੁੱਲ੍ਹਣਾ 

ਦੋਹੀਂ ਪਾਸੀਂ ਪੈਦਾ ਕਰਦਾ

ਵੱਖੋ ਵੱਖ ਅਹਿਸਾਸ

ਜੇ ਇਕ ਧਿਰ ਦੇ ਯੋਧੇ ਅਤੇ ਸ਼ਹੀਦ 

ਉਹ ਦੂਜੀ ਲਈ ਵੈਰੀ ਤੇ 

ਨਫ਼ਰਤ ਦੇ ਪਾਤਰ

ਕਦੋ ਮਿਟਣੀਆਂ

ਧਰਤੀ ਉਤੇ ਵੱਜੀਆਂ ਲੀਕਾਂ 

ਕਦੋਂ ਫੇਰ ਹੋਣੇ ਅਣਵੰਡੇ

ਇਸ ਦੁਨੀਆਂ ਦੇ ਜਲ ਥਲ

ਤੇ ਕੁਦਰਤ ਦੇ ਬੰਦੇ।

📝 ਸੋਧ ਲਈ ਭੇਜੋ