ਆਪਾਂ ਤਾਂ 'ਬਾਬਾ' ਬਣਾਂਗੇ

ਸਿੱਧੂ' ਛੱਡ ਯਰ,

ਆਹ ਕਵੀ, ਪ੍ਰੋਫੈਸ਼ਰ, ਨੇਤਾ, ਅਭਿਨੇਤਾ,

ਮਤਲਬ ਵਗੈਰਾ ਵਗੈਰਾ ਬਣਨਾ,

ਆਪਾਂ ਤਾਂ 'ਬਾਬਾ' ਬਣਾਂਗੇ।

ਅੱਖਰ ਗਿਆਨ ਤਾਂ ਆਪਾਂ ਜਾਣਦਿਆਂ,

ਮਹਾਨ ਗ੍ਰੰਥ ਨੀਝ ਲਾ ਕੇ ਪੜਦਿਆਂਗੇ,

ਤੇ ਗ੍ਰੰਥਾਂ ਦੇ ਮਹਾਨ ਗੱਪਾਂ ਨੂੰ,

ਉਪਦੇਸ਼ ਬਣਾਕੇ ਲੋਕਾਂ ਤੇ ਮੜ ਦਿਆਂਗੇ।

ਤੂੰ ਵੇਖੀਂ ਤਾ ਸਈ,

ਗਰੀਬੀ ਤੇ ਦੁੱਖਾਂ ਦੇ ਮਾਰੇ,

ਬੇਸਮਝ ਭੋਲੇ ਲੋਕ ਵਿਚਾਰੇ,

ਆਪਣੇ ਕੋਲ ਭੱਜੇ ਆਉਂਣਗੇ ਸਾਰੇ,

ਇੱਕਾ ਦੁੱਕਾ ਜੋ ਵੀ ਮੱਥਾ ਟੇਕਣਗੇ,

ਆਪਣੇ ਕੋਲ ਤਾਂ ਅੰਬਾਰ ਲੱਗ ਜਾਵੇਗਾ....

ਬੱਸ ਫਿਰ ਕੀ,

ਕਿਤੇ ਸਾਫ ਸੋਹਣੀ ਜਗ੍ਹਾ ਤੇ,

ਕੋਈ ਡੇਰਾ ਪਾ ਲਵਾਂਗੇ,

ਤੇ ਰੋਜ਼ ਸੁਬਾ-ਸਾਮ,

ਪ੍ਰੇਮੀ ਸੇਵਕਾਂ ਨੂੰ ਉਪਦੇਸ਼ ਦਿਆ ਕਰਾਂਗੇ।

ਹੁਸਨ ਦੀ ਭੋਰਾ ਫਿਕਰ ਨਾ ਕਰ,

ਹੁਸਨ ਤਾਂ ਆਪਣੇ ਪ੍ਰੇਮੀ ਪਿਆਰੇ,

ਖੁਦ ਡੇਰੇ 'ਚ ਅਰਪਿਤ ਕਰਿਆ ਕਰਨਗੇ,

ਤੇ ਹੁਸਨ ਵੀ ਤਾਜਾ ਤੇ ਭਾਂਤ-ਸਵਾਂਤਾ।

ਸਮਝਦਾਰ ਲੋਕਾਂ ਦੇ ਵਿਖਾਵੇ ਲਈ,

ਦੋ-ਚਾਰ ਚੰਗੇ ਕੰਮ ਕਰ ਦੇਵਾਂਗੇ,

ਤੇ ਬਾਕੀ ਬੱਚਦੀ ਨੋਟਾਂ ਦੀ ਢੇਰੀ,

ਔਲਾਦ ਦੇ ਨਾਂ ਬੈਂਕਾਂ ਚ ਧਰ ਦੇਵਾਂਗੇ।

ਨੇਤਾਵਾਂ ਨਾਲ ਦੋਸਤੀ ਗੰਢਾਂਗੇ,

ਆਪਣੇ ਪ੍ਰੇਮੀ ਪਿਆਰਿਆਂ ਤੋਂ,

ਦੋਸਤ ਨੇਤਾਵਾਂ ਨੂੰ ਵੋਟਾਂ ਪਵਾ ਦਿਆ ਕਰਾਂਗੇ,

ਤੇ ਬਦਲੇ 'ਚ ਕਾਨੂੰਨ ਦਾ ਸਹਾਰਾ ਲਵਾਂਗੇ।

ਵੇਖੀਂ ਫਿਰ ਕਿਵੇਂ,

ਛੇਤੀ ਹੀ ਬੱਲੇ-ਬੱਲੇ ਹੋ ਜਾਊ..

ਪਰ ਜੇ ਸੱਚ ਸਾਹਮਣੇ ਆ ਗਿਆ,

ਫਿਰ ਝੱਟਪੱਟ ਥੱਲੇ-ਥੱਲੇ ਹੋ ਜਾਊ..

ਯਰ 'ਸਿੱਧੂ' ਡਰਾ ਨਾ,

ਜਦ ਥੱਲੇ-ਥੱਲੇ ਹੋਊ ਵੇਖਾਂਗੇ,

ਪਹਿਲਾਂ 'ਬਾਬਾ' ਤਾਂ ਬਣੀਏ।

📝 ਸੋਧ ਲਈ ਭੇਜੋ