ਮੇਰੀ ਪਿੱਠ 'ਤੇ ਹੁਣੇ
ਕੰਧਾਂ ਨੂੰ ਤੂੰ ਜੋ ਕੁਝ ਕਿਹਾ ਹੈ
ਉਹ ਸੱਚ ਹੈ
ਪਰ ਅਜੇ ਨਹੀਂ ਜਨਮਿਆ
ਕਈ ਸਚ ਜਨਮਹੀਣੇ ਮਰ ਗਏ
ਮੇਰੇ ਹੱਥ ਤੇ ਉਨ੍ਹਾਂ ਦੀ ਰੇਖ ਹੈ
ਉਹਨਾਂ ਦੀ ਕਿਸਮਤ ਮੈਂ ਜੀਆਂਗਾ
ਅਨੇਕਾਂ ਭਾਗ ਭੋਗਣਹਾਰ ਬਿਨ ਸਾਜੇ ਗਏ
ਉਹਨਾਂ 'ਚ ਜੋ ਵੀ ਦਾਗ਼ ਹੈ
ਮੇਰੇ ਮਸਤਕ ਦੀ ਸੋਭਾ ਉਹ ਬਣੇਗਾ
ਭਰੀ ਦੁਨੀਆਂ ਤੋਂ ਪਹਿਲਾਂ
ਜਿਸ ਜਗ੍ਹਾ ਵੀ ਕੋਈ ਸੋਹਣੀ ਜਾਨ ਹੈ
ਉਮਰ ਦੇ ਪਹਿਲ ਛਿਣ
ਜਿਸ ਨੇ ਚੁਰਾਹੇ ਵਿਲਕਣਾ ਹੈ
ਓਸ ਨੂੰ ਕਹਿ ਦੇ
ਉਹ ਬੇਸ਼ਕ ਜੂਨ ਨਾ ਭੋਗੇ
ਅਕੀਤੇ ਕੰਮ ਦੀ ਸ਼ੁਹਰਤ ਮੈਂ ਝੋਲੀ ਪਾ ਲਈ ਹੈ
ਮੇਰੀ ਪਿੱਠ 'ਤੇ ਹੁਣੇ
ਜੋ ਦਾਗ ਵੀ ਮੇਰੇ ਲਈ ਤੂੰ ਚਿਤਵਿਆ ਹੈ
ਉਹ ਤੇਰੀ ਮਿਹਰ ਹੈ
ਇਸੇ ਹੀਲੇ ਕੋਈ ਦੁਸ਼ਕਰਮ ਹੋਣੋਂ ਰਹਿ ਗਿਆ ਹੈ
ਤੇਰੀ ਦੀਵਾਰ 'ਤੇ ਪੁੰਨਿਆਂ ਜਾਂ ਪੋਲੇ ਪੈਰ ਚੜ੍ਹਦੀ ਹੈ
ਓਦੋਂ ਤੂੰ ਜਿਸ ਅਪਰੇ ਆਦਮੀ ਦੀ ਬਿੜਕ ਸੁਣਦੀ ਹੈਂ
ਉਹ ਅਪੈਰਾ ਆਦਮੀ ਮੈਂ ਹਾਂ
ਤੇਰਾ ਬੂਹਾ ਤੇਰੇ ਦਿਲ ਵਾਂਗ ਹੀ ਜੋ ਧੜਕ ਉਠਦਾ ਹੈ
ਉਹ ਮੇਰੀ ਦਸਤਕ ਹੈ
ਜੋ ਮੇਰੇ ਬਿਨ ਇਕੱਲੀ ਆ ਗਈ ਏਥੇ
ਤੇਰਾ ਹੁਕਮ ਮੰਨ ਕੇ
ਤੇਰੀ ਨੀਂਦਰ 'ਚ ਤੇਰੇ ਨਾਲ ਜੋ ਵੀ ਜਾਗਦਾ ਹੈ
ਤੂੰ ਜੋ ਵਰਜਿਤ ਸਮਝ ਕੇ ਡੀਕਿਆ ਹੈ
ਉਹ ਮੈਂ ਹਾਂ
ਮੈਂ ਤੇਰੀ ਰੀਝ ਦੇ ਹੱਥੀਂ
ਹਜ਼ਾਰਾਂ ਵਾਰ ਬਣਿਆਂ ਬਿਣਸਿਆ ਹਾਂ
ਅਜਬ ਨੰਗਾ, ਨਿਲੱਜਾ, ਵਾਸਨਾ ਦਾ ਇਕ ਸਰੋਵਰ ਹਾਂ
ਜਿਦ੍ਹੇ ਵਿਚ ਜਿੰਦ
ਅਪਣਾ ਨੰਗ ਸੁੱਚਾ ਪਹਿਨ ਕੇ ਪਰਵੇਸ਼ ਕਰਦੀ ਹੈ
ਤੇ ਫਿਰ ਝਟਪਟ ਛਿਣਕ ਦੇਂਦੀ ਹੈ
ਇਕ ਸ਼ਰਮਿੰਦਗੀ ਵਾਂਗੂੰ
ਤੇਰੇ ਤਨ ਤੋਂ ਹੁਣੇ ਛਿਣਕੀ ਗਈ ਜੋ ਬੂੰਦ
ਮੇਰੇ ਪਿੰਡੇ ਤੇ ਆ ਕੇ ਬਹਿ ਗਈ ਹੈ
ਪੁਛ ਰਹੀ ਹੈ :
ਤੇਰੀ ਦੀਵਾਰ ਤੇ ਪੰਨਿਆਂ ਜਾਂ ਪੋਲੇ ਪੈਰ ਸਰਕੇਗੀ
ਤੇਰਾ ਬੂਹਾ ਤੇਰੇ ਦਿਲ ਵਾਂਗ ਹੀ ਜਦ ਧੜਕ ਉੱਠੇਗਾ
ਉਦੋਂ ਤੂੰ ਕਿਸ ਅਪੈਰੇ ਆਦਮੀ ਦਾ ਰਾਹ ਉਡੀਕੇਂਗੀ ?
ਉਦੋਂ ਨੀਂਦਰ 'ਚ ਆਪਣੇ ਨਾਲ ਤੂੰ ਕਿਸ ਨੂੰ ਜਗਾਵੇਂਗੀ?
ਉਦੋਂ ਵਰਜਿਤ ਸਮਝ ਕੇ ਫੇਰ ਕਿਹੜਾ ਜਾਮ ਪੀਏਂਗੀ ?
ਮੈਨੂੰ ਲੰਮੀ ਚੁਰਾਸੀ ਤੋਂ ਕਦੋਂ ਮੁਕਤੀ ਮਿਲੇਗੀ ?
ਤੇਰੀ ਪਿੱਠ 'ਤੇ ਹੁਣੇ
ਕੰਧਾਂ ਨੂੰ ਮੈਂ ਜੋ ਕੁਝ ਕਿਹਾ ਹੈ
ਉਹ ਸੱਚ ਹੈ
ਉਹ ਖ਼ਤ ਹੈ
ਜੋ ਮੈਂ ਲਿਖਿਆ ਨਹੀਂ
ਪਰ ਪਾੜ ਦਿੱਤਾ ਹੈ