ਹਰ ਰਾਤ ਗਲੀ ਵਿਚ ਮੈਂ ਤੇ ਤਾਰੇ ਕੱਠੇ ਸੌਂਦੇ ਹਾਂ
ਇਕ ਦੂਜੇ ਦੇ ਨਿਸਤੇਜ ਸੁਲਗਦੇ ਅੰਗਾਂ ਦੇ ਸਾਖੀ
ਇਕ ਦੂਜੇ ਦੀ ਨੀਂਦਰ ਵਿਚ ਵੀ
ਆਵਣ ਤੋਂ ਸੰਗਦੇ ਹਾਂ,
ਹਰ ਸਵੇਰ ਜਦੋਂ ਮੈਨੂੰ ਅਖ਼ਬਾਰੀ ਆਣ ਜਗਾਉਂਦਾ ਹੈ
ਮੈਂ ਖ਼ੂਬ ਸਮਝਦਾ ਹਾਂ ਮੇਰੇ ਘਰ ਸੂਰਜ ਆਇਆ ਹੈ
ਸਭ ਤਾਰੇ ਗਏ ਬੁਹਾਰੇ ਹੁਣ ਮੇਰੀ ਹੀ ਵਾਰੀ ਹੈ
ਤੇ, ਜਦੋਂ ਬੁਹਾਰੀ ਆਣ
ਖਰਖਰਾ ਏਸ ਗਲੀ ਦੀ ਪਿੱਠ ਤੇ ਕਰਦੀ ਹੈ
ਮੈਂ ਖ਼ੂਬ ਸਮਝਦਾ ਹਾਂ ਗਲੀ ਹੁਣ ਸਰਪਟ ਦੌੜੇਗੀ
ਮੈਂ ਉਠ ਬੈਠਾਂ
ਨਹੀਂ ਤਾਂ ਮੈਂ ਚੀਣਾ ਚੀਣਾ ਹੋ ਕੇ ਡਿਗ-ਡੁਲ੍ਹ ਜਾਵਾਂਗਾ
ਯਾ ਕਿਸੇ ਨਜ਼ਰ ਦੇ-
ਤੇਜ਼ ਤਿਮੂੰਹੇ ਕਾਂਟੇ ਵਿਚ ਵਿਝ ਜਾਵਾਂਗਾ
ਬੋਟੀ ਮਾਸ ਜਿਹਾ, ਨੰਗਾ, ਅਧ-ਕੱਚਾ
ਜਿਸ ਨੂੰ ਨਾ ਕੋਈ ਖਾਵੇਗਾ
ਨਾ ਤੇਜ਼ ਤਿਮੂੰਹ ਕਾਂਟੇ ਦੀ ਸੂਲੀ ਤੋਂ ਹੇਠਾਂ ਲਾਹੇਗਾ ।
ਮੇਰਾ ਦਰਵਾਜ਼ਾ ਇਕ ਉਬਾਸੀ ਵਾਂਗੂੰ ਖੁਲ੍ਹਦਾ ਹੈ
ਮੈਂ ਆਪਣਾ ਆਪਾ ਹੂੰਝ ਗਲੀ 'ਚੋਂ ਅੰਦਰ ਸੁਟਦਾ ਹਾਂ
ਮੈਨੂੰ ਹੁੰਮਸ ਦਾ ਪਰਦਾ ਹੈ
ਮੈਂ ਸਦਾ ਪੁਰੇ ਵਿਚ ਨੰਗਾ ਹਾਂ
ਮੇਰੀ ਘਰ ਵਾਲੀ ਘਰ ਦਾ ਕੂੜਾ ਹੂੰਝ -
ਗਲੀ ਵਿਚ ਬਾਹਰ ਸੁਟਦੀ ਹੈ
ਮੈਂ ਡਰਦਾ ਹਾਂ
ਮੇਰੀ ਘਰ ਵਾਲੀ ਮੈਨੂੰ ਕਿਤੇ ਨ ਵੇਖ ਲਏ !