ਕਬਰਾਂ ਵਿਚ ਦਫ਼ਨਾ ਆਇਆ ਹਾਂ
ਅਪਣਾ ਦੀਵਾ
ਆਖ਼ਰ-ਨੀਂਦ ਸੁਆ ਆਇਆ ਹਾਂ
ਅਪਣਾ ਦੀਵਾ
ਮਿੱਟੀ ਪਾਈ ਤਾਂ ਚਿਚਲਾਈ ਲਾਟ ਵਿਚਾਰੀ
ਜਗਦੀ ਜੋਤ ਬੁਝਾ ਆਇਆ ਹਾਂ
ਅਪਣਾ ਦੀਵਾ
ਜਿਹੜਾ ਚਾਨਣ ਮੱਥੇ ਵਿਚ ਬਿਠਾ ਨਾ ਸੱਕਾਂ
ਸ਼ਹਿਰੋਂ ਬਾਹਰ ਬਿਠਾ ਆਇਆ ਹਾਂ
ਅਪਣਾ ਦੀਵਾ
ਸਦੀਆਂ ਪਿੱਛੋਂ ਚਿੱਟੇ ਚਾਨਣ ਰਾਤ ਪਈ ਏ
ਤਾਹੀਓਂ ਛੱਡ ਛੁਡਾ ਆਇਆ ਹਾਂ
ਅਪਣਾ ਦੀਵਾ
ਉਹੀਓ ਚਾਨਣ ਮੁੜ ਮੁੜ ਮੈਨੂੰ ਵਾਜਾਂ ਮਾਰੇ
ਜਿਸਨੂੰ ਚੁੱਪ ਕਰਾ ਆਇਆ ਹਾਂ
ਅਪਣਾ ਦੀਵਾ
ਚਾਨਣ ਦਾ ਜੀਣਾ ਮਰਨਾ ਸਭ ਆਪਣੇ ਸਿਰ ਤੇ
ਉਸ ਤਾਈਂ ਸਮਝਾ ਆਇਆ ਹਾਂ
ਅਪਣਾ ਦੀਵਾ
ਕਬਰ ਜਹੀ ਕਾਇਆ ਚੋਂ ਹਾਲੇ ਵੀ ਅੱਗ ਸਿੰਮੇ
ਕੇਹਾ ਕਰਮ ਕਮਾ ਆਇਆ ਹਾਂ
ਅਪਣਾ ਦੀਵਾ