ਆਪਣਾ ਜੀਵਨ ਜੀਵਨ ਬੇਤਰਤੀਬ ਜਿਹਾ।

ਸ਼ਾਇਦ ਅਪਣਾ ਦਿਲ ਹੈ ਕਿਸੇ ਅਦੀਬ ਜਿਹਾ।

ਮੈਨੂੰ ਅਪਣੇ ਮੋਢੇ ਲਾਈ ਫਿਰਦਾ ਏ , 

ਵੇਖੋ ਕੈਸਾ ਆਇਆ ਵਕਤ ਸਲੀਬ ਜਿਹਾ।

ਅਪਣੇ ਹੀ ਅੱਯਾਰਾਂ ਹੱਥੋਂ ਮਰਿਆ ਜੋ , 

ਅਪਣਾ ਹਾਲ ਨਸੀਬ ਹੈ ਸੇਖ਼ ਮੁਜੀਬ ਜਿਹਾ।

ਮੇਰੀ ਦੁਨੀਆਂ ਹਿੱਸਿਆਂ ਵਿਚ ਵਟ ਜਾਏਗੀ, 

ਮੇਰੇ ਸਿਰ ਤੇ ਉਸ ਦਾ ਹੱਥ ਜਰੀਬ ਜਿਹਾ।

ਇਕ ਚੁਮਾਸਾ ਭਾਦਰੋਂ ਦਾ ਜ਼ਿੰਦਗੀ, 

ਸ਼ਾਲਾ ! ਕੋਈ ਨਾ ਹੋਵੇ ਹੋਰ ਗਰੀਬ ਜਿਹਾ।

ਹਸਦਾ ਹਸਦਾ ਮਿਲਿਆ ਰੋਂਦਾ ਵਿਛੜ ਗਿਆ, 

ਮੇਰੇ ਵਰਗਾ ਸੀ ਇਕ ਸਖ਼ਸ ਅਜੀਬ ਜਿਹਾ।

ਤੇਰੀ ਯਾਦ! ਕਿ ਸਹਰਾ ਵਿਚ ਇਕ ਨਖ਼ਲਿਸਤਾਨ, 

ਅਪਣਾ ਹਾਲ ਕਿ ਸਹਰਾ ਖੁਸ਼ਕ ਨਸੀਬ ਜਿਹਾ।

📝 ਸੋਧ ਲਈ ਭੇਜੋ