ਆਪਣੇ ਆਪ ਗਵਾਹ ਹੁੰਦੇ ਨੇ ਚੇਤੇ ਰੱਖੀਂ
ਅੱਖਰਾਂ ਵਿਚ ਵੀ ਸਾਹ ਹੁੰਦੇ ਨੇ ਚੇਤੇ ਰੱਖੀਂ
ਆਪਣੇ ਫਰਜ਼ ਭੁਲਾਇਆਂ ਦੂਜਿਆਂ ਦੇ ਹੱਕ ਖਾਇਆਂ
ਪਿੰਡ ਤੇ ਸ਼ਹਿਰ ਤਬਾਹ ਹੁੰਦੇ ਨੇ ਚੇਤੇ ਰੱਖੀਂ
ਉਹ ਜੋ ਐਵੇਂ ਸੂਰਜ ਬਣ ਫਿਰਦੇ ਨੇ ਪੁੱਤਰਾ
ਅੰਦਰੋਂ ਕਾਲ਼ੇ ਸ਼ਾਹ ਹੁੰਦੇ ਨੇ ਚੇਤੇ ਰੱਖੀਂ
ਜਿੱਥੇ ਕੁੜ-ਕੁੜ ਵੱਸੇ ਘੜਿਓਂ ਪਾਣੀ ਨੱਸੇ
ਚੁੱਲ੍ਹਿਆਂ ਵਿਚ ਫਿਰ ਘਾਹ ਹੁੰਦੇ ਨੇ ਚੇਤੇ ਰੱਖੀਂ
ਚੰਨ ਜੀ ਚੰਨਾਂ ਦੇ ਦੁੱਖ ਚੰਨ ਸਮਝਣ ਜਾਂ ਤਾਰੇ
ਬੱਦਲ ਬੇਪ੍ਰਵਾਹ ਹੁੰਦੇ ਨੇ ਚੇਤੇ ਰੱਖੀਂ
ਇੱਕ ਦਿਨ ਉਸੇ ਅੱਗ ਵਿਚ ਅੱਗਾਂ ਲਾਵਣ ਵਾਲ਼ੇ
ਸੜ ਕੇ ਆਪ ਸਵਾਹ ਹੁੰਦੇ ਨੇ ਚੇਤੇ ਰੱਖੀਂ
ਏਥੇ ਚੰਗੀਆਂ ਭਲੀਆਂ ਜਿੰਦਾਂ ਦੇ ਵੀ ‘ਸੰਧੂ'
ਮਈਅਤਾਂ ਨਾਲ਼ ਵਿਆਹ ਹੁੰਦੇ ਨੇ ਚੇਤੇ ਰੱਖੀਂ