ਆਪਣੇ ਆਪਣੇ ਦੁੱਖ ਲੁਕਾ ਕੇ ਭਾਵੇਂ ਹੱਸਦੇ ਹੁੰਦੇ ਸੀ
ਸਾਡੇ ਪਿੰਡ ਵਿਚ ਕੰਧਾਂ ਤੇ ਪਰਛਾਵੇਂ ਹੱਸਦੇ ਹੁੰਦੇ ਸੀ
ਚੇਤ ਵਸਾਖੂ ਬੱਦਲ ਤੇ ਕਈ ਚੰਨ ਬਣਦੇ ਸੀ ਰਾਹਵਾਂ ਤੇ
ਜਦ ਵੀ ਉਹਦੇ ਲੱਕ ਦੇ ਸੱਪ ਵਲ਼ਾਵੇਂ ਹੱਸਦੇ ਹੁੰਦੇ ਸੀ
ਆਲ਼-ਦੁਆਲ਼ੇ ਖੜ੍ਹੀਆਂ ਵੇਖ ਕੇ ਹਰੀਆਂ ਗ਼ਜ਼ਲਾਂ ਟਹਿਕਦੀਆਂ
ਬੋਹੜਾਂ ਥੱਲੇ ਨਜ਼ਮਾਂ ਦੇ ਸਿਰਨਾਵੇਂ ਹੱਸਦੇ ਹੁੰਦੇ ਸੀ
ਰੀਝਾਂ ਨੂੰ ਫ਼ਲ ਲੱਗਣੇ ਤੇ ਫਿਰ ਕਿੰਜ ਕਿੰਜ ਬਹਿ ਕੇ ਬੰਨਿਆਂ ਤੇ
ਅੱਲੜ ਬੱਲੜ ਬਾਵੇ ਸੂਰਜ ਸਾਹਵੇਂ ਹੱਸਦੇ ਹੁੰਦੇ ਸੀ
ਸਤ ਸਲਾਮਾਂ ਕਰਦੇ ਸਾਰੇ ਰੰਗ ਸੰਧੂਰੀ ਰੁੱਤਾਂ ਨੂੰ
ਸਾਉਣ ਮਹੀਨੇ ਜਿਸਲ਼ੇ ਅੰਬ ਪਕਾਵੇਂ ਹੱਸਦੇ ਹੁੰਦੇ ਸੀ