ਅਪਣੇ ਦਰਵਾਜ਼ੇ ਖੋਲ੍ਹ

ਅਪਣੇ ਦਰਵਾਜ਼ੇ ਖੋਲ੍ਹ 

ਤੇਰੇ ਘਰ ਮੈਂ ਆਇਆ ਹਾਂ

ਮੈਂ ਸ਼ਾਇਰ

ਮੇਰੇ ਹੱਥਾਂ ਵਿਚ ਤੇਰਾ ਉਹ ਸੁਪਨਾ ਹੈ

ਜਿਸ ਨੂੰ ਤੂੰ ਨਿਤ ਮਿਲਦੀ ਹੈਂ ਨੀਂਦਰ ਦੇ ਨਿਰਜਨ ਵਿਚ 

ਤੇ ਜਾਗਣਸਾਰ ਪਰ੍ਹਾਂ ਸੁਟਦੀ ਹੈਂ 

ਤੇਰੇ ਅੰਗਾਂ ਵਿਚ ਜੋ ਕੁਝ ਵੀ ਰੌਣਕ ਹੈ 

ਤੇਰੇ ਸੁਪਨੇ ਦੀ ਹੈ

ਨਿਰਜਨ ਵਿਚ ਬਾਲ ਗੁਆਚਾ ਤੇਰਾ 

ਤੇਰੇ ਘਰ ਲੈ ਕੇ ਆਇਆ ਹਾਂ 

ਸੁਪਨਾ ਨਾਜਾਇਜ਼ ਬੱਚਾ ਨਹੀਂ

ਅਪਣੇ ਅੰਗਾਂ ਵਿਚ ਅਪਣੀ ਰੌਣਕ ਨੂੰ ਪਹਿਚਾਨ 

ਅਪਣੀ ਹਸਤੀ ਨੂੰ ਬੈਠਾ ਲੈ ਅਪਣੀ ਝੋਲ 

ਅਪਣੇ ਦਰਵਾਜ਼ੇ ਖੋਲ੍ਹ

ਤੇਰੇ ਘਰ ਮੈਂ ਆਇਆ ਹਾਂ

ਮੈਂ ਸ਼ਾਇਰ

ਅਪਣੇ ਦਰਵਾਜ਼ੇ ਤੇ 

ਜਿਹੜੀ ਵੀ ਕਿਸਮਤ ਦੀ 

ਦਸਤਕ ਤੂੰ ਸੁਣਨੀ ਚਾਹੀ ਹੈ 

ਮੈਂ ਓਹੋ ਕਿਸਮਤ ਹਾਂ

ਵਰਤਮਾਨ ਵਿਚ ਤੇਰਾ ਭਵਿੱਖ 

ਹੇ ਚਿਰਬਾਂਝ

ਮੈਂ ਤੇਰੇ ਅੰਗਾਂ ਵਿਚ ਤੇਰਾ ਬਾਲਕ ਬਣ ਖੇਡਾਂਗਾ 

ਹੇ ਛਲੇ ਗਏ ਪ੍ਰਾਣੀ

ਤੇਰੇ ਵਿਭਚਾਰੀ ਨੇ

ਤੇਰੀ ਮਿੱਟੀ ਵਿਚ ਜੋ ਫ਼ਸਲ ਉਗਾਈ ਹੈ

ਮੈਂ ਵਾਜ ਮਾਰ ਕੇ ਵਾਪਸ ਮੋੜ ਲਵਾਂਗਾ

ਉਹ ਫ਼ਸਲ ਨਹੀਂ ਉੱਗੇਗੀ

ਵਿਭਚਾਰੀ ਦੁਨੀਆਂ ਵਿਚ ਇਕ ਸੱਚ ਸਿਰਫ਼ ਮੈਂ ਜਾਣਾਂ 

ਹਰ ਭੋਗ ਹੰਢਾ ਕੇ ਵੀ

ਮਿੱਟੀ ਹਰ ਵੇਲੇ ਕੁਆਰੀ ਹੈ

ਇਹ ਸਚ ਤੇਰੇ ਪਾਣੀ ਵਿਚ ਘੋਲ ਦਿਆਂਗਾ 

ਹੇ ਚਿਰਵਿਯੋਗ

ਜਿਸ ਸੋਹਣੇ ਸੂਰਜ ਨੂੰ

ਤੂੰ ਅੰਗਾਂ ਵਿਚ ਸੁਲਗਾਣਾ ਚਾਹਿਆ ਹੈ 

ਉਹ ਸੂਰਜ ਨੰਗੀ ਅਗਨ ਸਹਿਤ ਤੇਰੇ ਘਰ ਆਇਆ ਹੈ

ਮੈਂ ਤੈਨੂੰ ਸੁਲਗਾ ਕੇ ਤੁਰ ਜਾਵਾਂਗਾ

ਤੇਰਾ ਚਾਨਣ, ਤੇਰਾ ਨਿੱਘ

ਜਿਸ ਦੀ ਵੀ ਖ਼ਾਤਰ ਹੈ, ਉਸ ਨੂੰ ਹੀ ਦੇ ਦੇਵੀਂ 

ਜਿਸ ਦੇ ਅੰਗਾਂ ਵਿਚ ਸ਼ਾਇਰ ਦਾ ਉਦੈ ਨਹੀਂ ਹੋਇਆ 

ਉਸ ਦਾ ਬਾਲਕ ਮਾਤਾ ਦੀ ਗੋਦੀ ਵਿਚ ਯਤੀਮ 

ਉਸ ਦਾ ਪ੍ਰੇਮੀ

ਉਸ ਦੇ ਅਪਣੇ ਹੀ ਅੰਗਾਂ ਵਿਚ 

ਅਧਰੰਗ ਜਿਹਾ ਪਲਦਾ ਹੈ

ਤੇਰੀ ਦੇਹੀ ਨੂੰ ਹਰ ਫਲ ਲਗਦਾ ਹੈ 

ਪਰ ਬੂਰ ਕਦੇ ਨਹੀਂ ਪੈਂਦਾ 

ਲੈ ਆਪਣੇ ਦੁਧ 'ਚ 

ਖ਼ੁਸ਼ਬੋਈ ਦਾ ਬੂਰਾ ਘੋਲ

ਤੇਰੇ ਘਰ ਮੈਂ ਆਇਆ ਹਾਂ 

ਮੈਂ ਸ਼ਾਇਰ

ਦਰਵਾਜ਼ਾ ਸੰਕੋਚੀ ਹੈ, ਨਹੀਂ ਖੁਲ੍ਹਦਾ

ਮੈਂ ਬਾਹਰ ਖੜਾ ਅੰਦਰ ਦੀ ਚੁਪ ਵਿਲਕਦੀ ਸੁਣਦਾ ਹਾਂ 

ਚੁਪ ਜਦੋਂ ਵੀ ਕਰਦੀ ਹੈ ਮੇਰੇ ਨਾਲ ਹੀ ਗੱਲ ਕਰਦੀ ਹੈ 

ਮੈਂ ਕੇਵਲ ਓਹੋ ਸੁਣਦਾ ਹਾਂ

ਜੋ ਬੰਦਾ ਅਪਣੇ ਮਨ ਵਿਚ ਕਹਿੰਦਾ ਹੈ

ਮਨ ਦੇ ਸੰਗੀਤ ਬਿਨਾਂ ਬਾਕੀ ਸਭ ਰੌਲਾ ਹੈ

ਹੇ ਲਾਜਵੰਤ

ਦਰਵਾਜ਼ਾ ਖੋਲ੍ਹ ਨਹੀਂ ਸਕਦੀ ਨਾ ਖੋਲ੍ਹ 

ਬਸ ਅਪਣੇ ਮਨ ਨੂੰ ਹਾਂ ਕਰ ਦੇ 

ਮੈਂ ਧੜਕਣ ਦੇ ਵਿਰਲਾਂ ਥਾਣੀਂ ਸਰਕ 

ਪਹੁੰਚ ਜਾਵਾਂਗਾ ਤੇਰੀ ਸੱਚੀ ਲੋਚਾ ਕੋਲ 

ਦਰਵਾਜ਼ੇ 'ਚੋਂ ਲੰਘਣਾ ਮੇਰੀ ਮਜਬੂਰੀ ਨਹੀਂ 

ਮੈਂ ਔਝੜ ਰਾਹਾਂ ਵਿਚ ਮਮਤਾ ਬਣ ਤੁਰਿਆ ਹਾਂ 

ਘਰ ਤੋਂ ਦੌੜੇ ਅਣਚਾਹੇ ਬਾਲਕ ਸੰਗ 

ਜਦ ਸੰਕੋਚੀ ਜੋਬਨ, ਚਾਦਰ ਤਾਣ 

ਬੁਝ ਰਹੀ ਬੱਤੀ ਵਾਂਗੂੰ

ਅਪਣੇ ਧੂੰਏਂ ਵਿਚ ਧੁਖਦਾ ਹੈ 

ਮੈਂ ਚਾਦਰ ਚੁੱਕੇ ਬਿਨਾਂ

ਸਹਿਜ ਧਰਵਾਸ ਵਾਂਗ

ਉਸ ਦੇ ਅੰਗਾਂ ਨੂੰ ਲਿਪਟ ਗਿਆ ਹਾਂ 

ਮੇਰੇ ਹੀ ਕਾਰਣ ਬੰਦਾ ਕਦੇ ਨਹੀਂ 'ਕੱਲਾ

ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ

ਅਪਣਾ ਘਰ ਸਾਫ਼ ਕਰਨ ਦੇ ਆਹਰ ਵਿਚ ਨਾ ਪਉ 

ਰੂਹਾਂ ਦਾ ਦੀਦਾਰ ਚਿਲਕਣੇ ਫ਼ਰਸ਼ਾਂ ਤੇ ਨਹੀਂ ਹੁੰਦਾ 

ਨਾ ਹੁੰਦਾ ਪਹਿਨੀ ਪਚਰੀ ਕਾਇਆ ਦੇ ਕੰਢੇ 

ਹੁਣ ਤਾਂ ਮੈਂ ਆ ਹੀ ਪਹੁੰਚਾ ਹਾਂ 

ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ 

ਮੈਂ ਤੇਰੇ ਅਣਵਾਹੇ ਕੇਸਾਂ ਵਿਚ

ਤੇਰੇ ਸੂਰਜ ਦੀ ਲਾਲ ਮਹਿਕ ਧਰ ਚਲਿਆਂ 

ਫੁਲ ਓਹੋ ਗੁੰਦੇਗਾ ਜਿਸ ਨੂੰ ਤੂੰ ਚਾਹੇਂਗੀ

ਹੁਣ ਹੌਲੇ ਹੌਲੇ ਘਰ ਬੁਹਾਰ 

ਹੁਣ ਰੀਝ ਨਾਲ ਕਰ ਲੈ ਸ਼ਿੰਗਾਰ 

ਹੁਣ ਜੋ ਵੀ ਆਵੇਗਾ 

ਮਾਯੂਸ ਨਹੀਂ ਜਾਵੇਗਾ 

ਤੂੰ ਅਪਣੇ ਅੰਗਾਂ ਵਿਚ ਜਾਗ ਪਈ ਏਂ 

ਜਿਸ ਪਾਸੇ ਚਾਹੇ ਮਿਹਰ ਡੋਲ੍ਹ 

ਮੈਂ ਤੁਰ ਚਲਿਆ ਤੇਰਾ ਦੁਆਰ ਖੋਲ੍ਹ 

ਮੈਂ ਸ਼ਾਇਰ

📝 ਸੋਧ ਲਈ ਭੇਜੋ