ਆਪਣੇ ਘਰ 'ਚ ਵੀ ਗੁੰਮਸ਼ੁਦਾ ਹਾਂ

ਆਪਣੇ ਘਰ 'ਚ ਵੀ ਗੁੰਮਸ਼ੁਦਾ ਹਾਂ।

ਇਸ ਤਰ੍ਹਾਂ ਰਿਸ਼ਤਿਆਂ ਤੋਂ ਜੁਦਾ ਹਾਂ।

ਵੇਦਨਾ ਜਿਸਦੀ ਦਾ ਨਾ ਕੋਈ,

ਟੁੱਟਦੇ ਪੱਤੇ ਦੀ ਅੰਤਮ ਸਦਾ ਹਾਂ।

ਜਿਸਮ ਖ਼ਾਮੋਸ਼ੀਆਂ ਦਾ ਪਹਿਨਕੇ,

ਰੂਹ ਦੇ ਸ਼ੋਰ ’ਚੋਂ ਲੰਘਦਾ ਹਾਂ।

ਬਿਰਖ਼ ਡਿੱਗੇ ਹਵਾ ਤੋਂ ਬਿਨਾ ਹੀ,

ਇਹ ਮੈਂ ਮੰਜ਼ਰ ਕਿਹਾ ਦੇਖਦਾ ਹਾਂ।

ਖ਼੍ਵਾਬ ਟੁੱਟਣ ਤੇ ਲੱਗਦਾ ਪਤਾ ਹੈ,

ਅਪਣੀ ਬਾਹਾਂ ’ਚ ਜਦ ਵਿਲਕਦਾ ਹਾਂ।

ਛਣਕਦੀ ਜਿਸਦੇ ਪੈਰਾਂ ’ਚ ਬੇੜੀ,

ਉਸਦੀ ਅੱਖਾਂ 'ਚੋਂ ਮੈਂ ਝਾਕਦਾ ਹਾਂ।

ਉਹ ਹਕੂਮਤ ਤਰ੍ਹਾਂ ਵੇਖਦਾ ਹੈ,

ਉਸਦੀ ਅੱਖਾਂ ’ਚ ਮੈਂ ਰੜਕਦਾ ਹਾਂ।

ਮੈਂ ਹਾਂ ਕੇਸੂ ਸੁਰਖ਼, ਲਾਲ-ਸੂਹਾ,

ਪੱਤਝੜਾਂ ਵਿਚ ਮੈਂ ਟਹਿਕਦਾ ਹਾਂ।

ਤੂੰ ਛੁਹਾ ਹੋਂਠ ਭਾਵੇਂ ਛੁਹਾ ਨਾ,

ਤੇਰੇ ਹੱਥਾਂ 'ਚ ਮੈਂ ਛਲਕਦਾ ਹਾਂ।

ਹਾਲੇ ਰੁਖ਼ਸਤ ਹੈ ਹੋਣਾ ਤੁਸੀਂ ਪਰ,

ਫਿਰ ਮਿਲਾਂਗੇ ਕਦੋਂ ਸੋਚਦਾ ਹਾਂ।

📝 ਸੋਧ ਲਈ ਭੇਜੋ