ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁਝ ਫੁੱਲ ਸਜਾਵਾਂ ਮੈਂ।
ਰੋਜ਼ ਸਵੇਰੇ ਉਗ ਪੈਂਦੇ ਨੇ, ਦਸ ਸਿਰ ਹੋਰ ਨਵੇਂ
ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।
ਤਨ ਧਰਤੀ ਦਾ ਕੋਨਾ ਕੋਨਾ ਲੈਨਾਂ ਪਲ ਵਿਚ ਗਾਹ
ਮਨ ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।
ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ
ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜ੍ਹਾਵਾਂ ਮੈਂ।
ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ
ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।
ਸ਼ੀਸ਼ਾ ਮੈਨੂੰ ਮੁਜਰਿਮ ਮੁਜਰਿਮ ਆਖੇ ਅਕਸਰ 'ਮਾਨ'
ਨ੍ਹੇਰੇ ਦੀ ਸੱਥ ਅੰਦਰ ਬਹਿ ਕੇ ਜੱਜ ਕਹਾਵਾਂ ਮੈਂ।
ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ 'ਮਾਨ'
ਭੋਲ਼ਾ ਮਨ ਹੈ ਬੱਚਿਆਂ ਵਰਗਾ, ਕਿੰਜ ਸਮਝਾਵਾਂ ਮੈਂ?