ਆਪਣੇ ਹੀ ਰਾਹ ਦੇ
ਕੰਡੇ ਚੁਗ ਕੇ
ਮੈਂ ਸਮਝ ਬੈਠਾ ਕਿ
ਕਿੱਡੀ ਮਹਾਨਤਾ ਸਮੇਟ ਲਈ ਹੈ
ਜੰਗ ਜਿੱਤ ਲਈ ਹੈ ਰਾਹਾਂ ਦੀ
ਇਕ ਸਿਤਾਰਾ ਟੁੱਟਣ ਵੇਲੇ
ਹੱਸਦਾ ਹੱਸਦਾ ਬੋਲਿਆ
ਦੱਸ ਕਿੱਥੇ ਉੱਤਰਾਂ
ਜਿਹੜੀ ਥਾਂ ਤੇ ਰੋੜ ਕੰਡੇ ਨਹੀਂ ਖਿੱਲਰੇ
ਕਿਹੜੀ ਜੀਭ ਨਹੀਂ ਟੁੱਕੀ ਹੋਈ ਦੁਨੀਆਂ 'ਤੇ
ਕਿੱਥੇ ਜਾਣ ਲਰਜ਼ਦੇ ਗੀਤ
ਕਿੱਥੇ ਗਾਉਣ ਹਵਾਵਾਂ
ਆਵਾਜਾਂ ਚੁੱਪ ਹੋ ਗਈਆਂ
ਨਾਹਰੇ ਘਰੋ ਘਰੀਂ ਚਲੇ ਗਏ
ਮੇਰਾ ਵਿਸ਼ੀਅਰ ਤਾਂ ਅਜੇ ਬੋਲਿਆ ਹੀ ਨਹੀਂ
ਏਦਾਂ ਨਹੀਂ ਖਤਮ ਹੋਣੀਆਂ ਬਾਤਾਂ
ਰਾਜਾ ਰਾਣੀ ਮਰ ਗਏ ਤਾਂ
ਕਿਥੇ ਰੱਖਾਂਗਾ ਮੈਂ
ਟੁੱਟੇ ਬੱਚਿਆਂ ਦੇ ਖਿਡੌਣੇ
ਤੋਤਲੇ ਰੋਂਦੇ ਬੋਲ ਮਾਵਾਂ ਨੂੰ
ਟੁੱਟਿਆ ਫੁੱਟਿਆ ਅੱਧਾ ਚੰਨ
ਵਿਹੜੇ ਵਿਚ ਡਿੱਗੇ ਸਹਿਕਦੇ ਸਿਤਾਰੇ
ਤੇਰੀ ਜ਼ਹਿਰ ਨਫਰਤ ਦੀ ਕਹਾਣੀ ਦਾ ਅੰਤ
ਸੀਨੇ ਵਿਚ ਤਰਨ ਵਾਲੇ ਖੰਜਰ
ਨੇ ਹੀ ਕਰਨਾ ਹੈ
ਤੇਰੇ ਸੀਨੇ ਉੱਤੋਂ ਤਾਂ
ਜ਼ਖਮੀ ਰਾਤ ਨੂੰ
ਤਗਮਿਆਂ ਦੀ ਲਿਸ਼ਕ ਵਿਖਾਉਣੀ ਸੀ
ਤੇਰੇ ਚਾਅ ਤਾਂ
ਮੇਰੀ ਤਲਵਾਰ 'ਤੇ ਲਿਖੇ ਹੋਏ ਨੇ
ਤੇਰੇ ਮੱਥੇ ਦੀ ਕਲਗੀ ਤਾਂ
ਮੇਰਾ ਪਹਿਲਾ ਤੀਰ ਉਡਾਏਗਾ
ਜਰਾ ਸਜ ਧਜ ਕੇ ਆਵੀਂ
ਦਰਬਾਰ ਵਿਚ
ਅਲਵਿਦਾ ਕਹਿ ਕੇ ਆਵੀਂ ਘਰ ਦੀਆਂ ਪੌੜੀਆਂ ਨੂੰ
ਸਿਰ ਤਾਂ ਨੀਵਾਂ ਕਰ
ਤੇਰੇ ਹਾਰ ਪਾਵਾਂ
ਮੁੱਕਤੀ ਦੇ ਧਾਗੇ ਨਾਲ ਪਰੋਇਆ
ਰੂਹਾਂ ਨੇ ਜੜਿਆ
ਧੁੱਪਾਂ 'ਚ ਪੜ੍ਹਿਆ
ਕਰ ਲੈ ਯਾਦ ਸਾਰੇ ਸੁਪਨੇ
ਖਿਡੌਣੇ ਵੇਖ ਲੈ ਬਚਪਨ ਦੇ
ਇਕ ਵਾਰ ਫਿਰ
ਤੇਰੀ ਆਖਰੀ ਖਾਹਿਸ਼ 'ਤੇ
ਅਰਪਣ ਕਰਨੀ ਹੈ ਇਹ ਭੇਟ
ਮਿਣ ਲੈ ਸੀਨਾ
ਗਿਣ ਲੈ ਲਾਸ਼ਾਂ
ਅੱਜ ਦੇਖੀਂ
ਚੁਰਾਹੇ 'ਚ ਸਲੀਬ 'ਤੇ
ਕਿਹਦੀ ਰੀਝ ਲਟਕੇਗੀ
ਕਿਹਦਾ ਤੀਰ ਪਹਿਲਾਂ
ਡੁੱਬੇਗਾ ਹਿੱਕ ਵਿਚ
ਲੰਬਾ ਜੇਹਾ ਸਾਹ ਇਕ ਲੈ
ਜੋ ਕਹਿਣਾ ਇਕ ਵਾਰ ਫਿਰ ਕਹਿ
ਸੂਰਜਾਂ ਤੋਂ ਕਦੇ ਨਹੀਂ ਬਚਦੀਆਂ ਹੁੰਦੀਆਂ
ਕਾਲੀਆਂ ਰਾਤਾਂ
ਕਦੇ ਨਹੀਂ ਮੁੱਕਦੀਆਂ ਹੁੰਦੀਆਂ
ਰਾਜੇ ਰਾਣੀ ਦੇ ਮਰ ਜਾਣ ਨਾਲ ਬਾਤਾਂ