ਆਪਣੇ ਹੋਠਾਂ ਤੇ ਮੇਰੇ

ਆਪਣੇ ਹੋਠਾਂ ਤੇ ਮੇਰੇ ਬੋਲ ਰੱਖ। 

ਇਹ ਮੁਹੱਬਤ ਦੀ ਨਿਸ਼ਾਨੀ ਕੋਲ ਰੱਖ।

ਐ ਮੁਹਾਜਰ! ਜਾ ਨਵੀਂ ਦੁਨੀਆਂ ਵਸਾ, 

ਐ ਹੁਮਾ! ਤੂੰ ਆਪਣੇ ਪਰ ਤੋਲ ਰੱਖ।

ਐ ਜ਼ਮਾਨਾ ਸਾਜ ਪਿਆਰੇ ਬੁੱਤ ਸ਼ਿਕਨ, 

ਨਾਲ ਇਕ ਮੇਰੇ ਜਿਹਾ ਅਨਭੋਲ ਰੱਖ।

ਬਾਹਰਲੇ ਦਰਵਾਜ਼ਿਆਂ ਨੂੰ ਭੇੜ ਪਰ, 

ਅੰਦਰਲੇ ਦਰਵਾਜ਼ਿਆਂ ਨੂੰ ਖੋਲ ਰੱਖ।

ਸ਼ਹਿਰ ਦੇ ਪਤਵੰਤਿਆਂ ਨੂੰ ਭੰਡ ਫਿਰ, 

ਸ਼ਹਿਰ ਵਿੱਚੋਂ ਬਿਸਤਰਾ ਵੀ ਗੋਲ ਰੱਖ।

ਐ ਦਿਲਾ ਕੁਝ ਹੋਰ ਖ਼ੁਦਮੁਖ਼ਤਾਰ ਹੋ, 

ਖੂਹ ਲੁਆਇਆ ਏ ਤੇ ਲਾਗੇ ਡੋਲ ਰੱਖ।

ਹੋ ਸਕੇ ਤਾਂ ਦੂਜਿਆਂ ਦਾ ਜ਼ਹਿਰ ਚੂਸ, 

ਆਪਣੇ ਲਫਜ਼ਾਂ 'ਚ ਅੰਮ੍ਰਿਤ ਘੋਲ ਰੱਖ।

ਜਾ ਕਿਸੇ ਮਜ਼ਬੂਰ ਦੀ ਤੂੰ ਸੁਣ ਪੁਕਾਰ, 

ਜਾ ਕਿਸੇ ਦਾ ਤਖਤ ਡਾਵਾਂਡੋਲ ਰੱਖ।

📝 ਸੋਧ ਲਈ ਭੇਜੋ