ਮੈਨੂੰ ਮੇਰੇ ਅਪਣੇ ਕੋਲ ਬਿਠਾ ਦੇ
ਮੈਨੂੰ ਮੇਰੀ ਨੰਗੀ ਜਿੰਦ ਵਿਖਾ ਦੇ
ਇਸ ਜਿੰਦੜੀ 'ਤੇ ਤੇਰੀ ਨਜ਼ਰ ਦੇ
ਮੇਰੀ ਨਜ਼ਰ ਦੇ ਗਰਦੇ
ਇਸ ਜਿੰਦੜੀ ਤੇ ਤੇਰੀ ਉਮਰ ਦੇ
ਮੇਰੀ ਉਮਰ ਦੇ ਪਰਦੇ
ਮੈਨੂੰ ਮੇਰੇ ਪਰਦਿਉਂ ਪਾਰ ਪੁਚਾ ਦੇ
ਯਾਰਾਂ ਦੇ ਪਰਦੇਸ 'ਚ ਸਭ ਨੇ
ਅਪਣੀ ਵਸਤ ਲੁਕੋਈ
ਮੇਰੇ ਕੋਲ ਖੜੀ ਖ਼ੁਸ਼ਬੋਈ
ਮੇਰੇ ਸੰਗ ਨਾ ਹੋਈ
ਮੈਨੂੰ ਮੇਰਾ ਆਪਣਾ ਯਾਰ ਬਣਾ ਦੇ
ਅਪਣੀ ਧੁੱਪ ਵਿਹਾਝਣ ਨਿਕਲਾਂ
ਹੱਥ ਆਵਣ ਪਰਛਾਈਆਂ
ਇਹਨੀਂ ਰਾਹੀਂ ਮੇਰੀਆਂ ਖ਼ਬਰਾਂ
ਮੇਰੇ ਤੀਕ ਨਾ ਆਈਆਂ
ਮੈਨੂੰ ਮੇਰੀ ਅਪਣੀ ਖ਼ਬਰ ਮਿਲਾ ਦੇ
ਸਾਰਾ ਦਿਨ ਮ੍ਰਿਗਜਲੀਆਂ ਅੰਦਰ
ਮੀਤ ਚੁਗੰਦਿਆਂ ਬੀਤੇ
ਰਾਤ ਪਿਆਂ ਨੀਂਦਰ ਵਿਚ ਭੋਗਾਂ
ਮੀਤ ਸਜਣ ਅਣਕੀਤੇ
ਮੈਨੂੰ ਮੇਰੀ ਆਪਣੀ ਨੀਂਦ ਸੁਆ ਦੇ
ਪਤਾ ਨਹੀਂ ਕਿਸ ਡਰ ਦਾ ਮਾਰਾ
ਭੀੜਾਂ ਵਿਚ ਖਲੋਵਾਂ
ਆਪ-ਇਕੰਤੇ, ਅਪਣੇ ਸਾਹਵੇਂ
ਮੈਂ ਨਾ ਹਾਜ਼ਰ ਹੋਵਾਂ
ਮੈਨੂੰ ਮੇਰਾ ਅਪਣਾ ਤ੍ਰਾਸ ਮਿਟਾ ਦੇ