ਅਪਣੇ ਮਨ ਤੋਂ ਜੇ ਨਾ ਬੋਝ ਉਤਾਰੋਗੇ ।
ਉੱਸਲਵੱਟੇ ਲੈ-ਲੈ ਰਾਤ ਗੁਜ਼ਾਰੋਗੇ।
ਵਗਦੇ ਪਾਣੀ ਵਿਚ ਜੇ ਅਕਸ ਉਤਾਰੋਗੇ।
ਅਪਣੇ ਹੀ ਸਾਏ ਨੂੰ ਪੱਥਰ ਮਾਰੋਗੇ ।
ਦੀਵਾਰਾਂ ਤੋਂ ਡਰ-ਡਰ ਛੱਤਾਂ ਤੋਂ ਛੁਪ-ਛੁਪ,
ਏਦਾਂ ਘਰ ਵਿਚ ਕਦ ਤੱਕ ਵਕਤ ਗੁਜ਼ਾਰੋਗੇ ?
ਅਲਖ ਜਗਾਉਣਾ ਰਸਤੇ ਵਿਚ ਕਿਰ ਜਾਏਗਾ,
ਜੇ ਨਾ ਅਪਣੇ ਮਨ ਦਾ ਭੇਖ ਉਤਾਰੋਗੇ।
ਪਿੱਠ 'ਤੇ ਉੱਗੀਆਂ ਅੱਖਾਂ ਖੋਲ੍ਹ ਲਵੋ ਵਰਨਾ,
ਜਿੱਤਣ ਵਾਲੀ ਬਾਜ਼ੀ ਨੂੰ ਵੀ ਹਾਰੋਗੇ ।
ਘੁੰਮਣ-ਘੇਰ 'ਚ ਉਲਝੇ ਝੰਡਾ-ਬਰਦਾਰੋ !
ਡੁੱਬਦੇ ਹੋਏ ਲੋਕਾਂ ਨੂੰ ਕੀ ਤਾਰੋਗੇ ?
ਬੁਰਜਾਂ ਤੋਂ ਲਮਕਾ ਕੇ ਚੰਨ ਦੇ ਟੋਟੇ ਨੂੰ,
ਆਖ਼ਰ ਸਾਨੂੰ ਕਿੰਨਾ ਚਿਰ ਪੁਚਕਾਰੋਗੇ ?
ਰਸਤੇ ਵਿਚ ਹੀ ਕਿਣ-ਮਿਣ ਕਰਦੇ ਐ ਬੱਦਲੋ !
ਨੀਲੀ ਝੀਲ 'ਚ ਕਿਸ ਦੀ ਭੇਟ ਉਤਾਰੋਗੇ ?
ਦਿਸ-ਹੱਦੇ 'ਤੇ ਪਹੁੰਚੇਗਾ ਜਦ 'ਇਕਵਿੰਦਰ',
ਰਸਤੇ ਵਿਚ ਖੜ੍ਹ ਕੇ 'ਵਾਜਾਂ ਮਾਰੋਗੇ ।