ਆਪਣੇ ਸੂਰਜ ਦੀ ਤਲਾਸ਼

ਮੈਂ ਤਾਂ ਵੇਖੀ ਹੈ ਸਦਾ ਹੋਸ਼ ਸੰਭਾਲਣ ਮਗਰੋਂ

ਰਾਤ ਬੈਠੀ ਹੋਈ ਚੁੱਪਚਾਪ ਜਿਹੀ ਕੰਧਾਂ ਤੇ। 

ਅੱਜ ਦੀ ਹਿੱਕ ਤੇ ਜੋ ਤੋਰ ਸਮਾਂ ਤੁਰਿਆ ਹੈ

ਆ, ਕਿ ਚੱਲ, ਵੇਖੀਏ ਕਿਸ ਘਰ ਤੇ ਰੁਕੇਗਾ ਜਾ ਕੇ। 

ਆ ਕਿ ਚੱਲ ਵੇਖੀਏ, 

ਗੁੰਮਨਾਮ ਜਿਹੀ ਬਸਤੀ ਵਿੱਚ

ਲੋਕ ਮਸ਼ਹੂਰ ਤੇਰੇ ਸ਼ਹਿਰ ਦੇ 

ਆਉਂਦੇ ਕਿਸ ਥਾਂ। 

ਰੂਪ ਦੀ ਲੋਅ ਵਿੱਚ ਢਲਦੀ ਹੈ 

ਕਿਵੇਂ ਹਰ ਸ਼ਾਮ। 

ਕਿਵੇਂ ਬਿਖ਼ਰੇ ਪਏ 

ਵੰਗਾਂ ਦੇ ਸੁਨਹਿਰੀ ਟੋਟੇ

ਧੂੜ ਬੈਠੀ ਹੈ 

ਨਮੀ ਸਾਂਭ ਕੇ ਹੰਝੂਆਂ ਦੀ ਅਜੇ। 

ਬੁੱਢਾ ਪਿੱਪਲ

ਘੂਰਦੈ ਦੂਰ ਕਿਸੇ ਸੋਚ ‘ਚ 

ਗੁੰਮ ਬੈਠੀ ਪੱਤਿਆਂ ਤੇ 

ਪਰੇਸ਼ਾਨ ਅਜੇ ਤੀਕ ਸ਼ਬਨਮ। 

ਚੰਨ ਸਦੀਆਂ ਤੋਂ ਹੈ 

ਆਕਾਸ਼ ਦੀ ਤਾਕੀ ‘ਚ ਖੜ੍ਹਾ

ਫੱਕ ਬੇਰੰਗ ਜਿਹਾ ਮੂੰਹ ਲਈ

ਕੁਝ ਆਖ ਰਿਹਾ। 

ਏਸ ਬਸਤੀ ਦੇ ਨਕਸ਼ ਨੇ 

ਸਦਾ ਕੋਹਰੇ ‘ਚ ਰਹੇ

ਬਰਫ਼ ਐਸੀ ਕਿ 

ਸਦੀਆਂ ਤੋਂ ਪਿਘਲਦੀ ਹੀ ਨਹੀਂ। 

ਰੁੱਤ ਆਉਂਦੀ ਹੈ

ਚਲੀ ਜਾਂਦੀ ਹੈ ਉਹ ਹੱਦ ਤੋਂ ਪਰ੍ਹਾਂ 

ਧੁੱਪ ਆਉਂਦੀ ਹੀ ਤਿਲਕਦੀ ਹੈ

ਠਹਿਰਦੀ  ਹੀ ਨਹੀਂ। 

ਚਾਨਣੀ ਛੁਹ ਕੇ ਚਲੀ ਜਾਂਦੀ ਹੈ

ਮਮਟੀ ਦਾ ਸਿਰਾ

ਨੀਝ ਹਰ ਰਾਤ ਨਵੀਂ ਹੋ ਕੇ ਤੱਕਦੀ ਰਸਤਾ। 

ਜਿੰਨਘਾਂ ਹੱਡੀਆਂ ਨੂੰ ਰਹੀ ਚੀਰਦੀ

ਨਿੱਤ ਸਰਦ ਹਵਾ

ਜਿੰਨ੍ਹਾਂ ਨਾੜਾਂ ‘ਚ ਲਹੂ 

ਉਮਰ ਤੋਂ ਜੰਮਿਆ ਹੋਇਆ। 

ਜਿੰਨ੍ਹਾਂ ਕੰਨਾਂ ਨੇ ਸਦਾ 

ਬਰਫ਼ ਜਹੇ ਗੀਤ ਸੁਣੇ। 

ਸੋਚ ਕੱਕਰ ਹੈ ਜਿੰਨ੍ਹਾਂ ਦੀ 

ਰਹੇ ਜਜ਼ਬਾਤ ਠਰੇ। 

ਕਈ ਭੜਕਣਗੇ ਜਿਵੇਂ 

ਖ਼ੂਨ ਨੂੰ ਪਿਘਲਾਉਣ ਲਈ। 

ਕੋਈ ਸੂਰਜ ਬਲ਼ੂ 

ਯਖ਼ ਸੋਚ ਨੂੰ ਗਰਮਾਉਣ ਲਈ। 

ਆ ਕਿ ਚੱਲ ਵੇਖੀਏ

ਉਹ ਦੂਰ ਢਲਾਣਾਂ ਤੋਂ ਪਰ੍ਹਾਂ, 

ਕਿਹੜੇ ਪਰਬਤ ਦੀ ਹਰੀ ਕੁੱਖ ‘ਚੋਂ 

ਸੂਰਜ ਜੰਮਦਾ। 

ਆਖੀਏ, 

ਸਿਰਜ ਦੇਵੇ ਸਾਨੂੰ ਵੀ ਸੂਰਜ ਆਪਣਾ। 

ਮੁੱਲ ਦਾ ਕੀ ਹੈ

ਕਿ ਮਰ ਕੇ ਵੀ ਚੁਕਾ ਸਕਦੇ ਹਾਂ। 

ਜੇ ਅਸੀਂ ਨਾ ਵੀ ਰਹੇ, 

ਫੇਰ ਵੀ ਇਹ ਆਸ ਰਹੇ,

ਪੁੱਤ ਸੂਰਜ ਦੇ ਤਾਂ ਜੰਮਣਗੇ ਮਸ਼ਾਲਾਂ ਵਰਗੇ।

📝 ਸੋਧ ਲਈ ਭੇਜੋ