ਮੈਨੂੰ ਖ਼ੁਦ ਅਪਣੇ ਤੋਂ ਇਹ ਸ਼ਿਕਵਾ ਰਿਹਾ।
ਕਿਸ ਲਈ ਕੁਝ ਕਹਿਣ ਤੋਂ ਬਚਦਾ ਰਿਹਾ।
ਭੁੱਲ ਕੇ ਕੁਝ ਦੇਰ ਤੈਨੂੰ ਦੋਸਤਾ,
ਸੋਚਦਾ ਹਾਂ ਤਜਰੁਬਾ ਕੈਸਾ ਰਿਹਾ।
ਆਪਣੇ ਬੁਝ ਜਾਣ ਦਾ ਕੀ ਹੈ ਸਬਬ,
ਦਿਲ ਤੋਂ ਮੈਂ ਮੇਰੇ ਤੋਂ ਦਿਲ ਪੁੱਛਦਾ ਰਿਹਾ।
ਮੈਂ ਨਹੀਂ ਹੋ ਸਕਿਆ ਉਸ ਦਾ ਕਿਸ ਲਈ,
ਉਹ ਕਿਸੇ ਦਾ ਹੋ ਕੇ ਵੀ ਮੇਰਾ ਰਿਹਾ।
ਉਮਰ ਭਰ ਰੱਖਿਆ ਬਹੁਤ ਹੀ ਸਾਂਭ ਕੇ,
ਦਿਲ ਦੇ ਟੁੱਟਣ ਦਾ ਮਗਰ ਖ਼ਦਸ਼ਾ ਰਿਹਾ।
ਚੁੱਪ ਹੀ ਮੇਰੀ ਬਹੁਤ ਕੁਝ ਕਹਿ ਗਈ,
ਮੈਂ ਨਹੀਂ ਕੁਝ ਵੀ ਕਿਹਾ ਚੰਗਾ ਰਿਹਾ।