ਅਪਣੇ ਉੱਤੇ ਹੱਸਿਆ ਆਪੇ
ਮਰਿਆ ਵੀ ਤੇ ਰੋਇਆ ਆਪੇ
ਅਪਣੇ ਆਪ ਨੂੰ ਦੱਸਿਆ ਆਪੇ
ਅਪਣਾ ਹਾਲ ਵੀ ਪੁੱਛਿਆ ਆਪੇ
ਕੁੱਤੇ ਬਿੱਲੇ ਖਾ ਗਏ, ਫਿਰ ਵੀ
ਅਪਣੀ ਲਾਸ਼ ਨੂੰ ਚੁੱਕਿਆ ਆਪੇ
ਕਿਸੇ ਨਾ ਆ ਕੇ ਮੋਢਾ ਦਿੱਤਾ
ਅਪਣਾ ਜੁੱਸਾ ਦੱਬਿਆ ਆਪੇ
ਜਦ ਵੀ ਸ਼ੀਸ਼ਾ ਵੇਖਿਆ ਏ ਮੈਂ
ਅਪਣਾ ਦਰਦ ਵੀ ਤੱਕਿਆ ਆਪੇ
ਤੇਰੇ ਨਾਵੇਂ ਲਾ ਦਿੱਤਾ ਮੈਂ
ਜੋ ਕੁਝ ਵੀ ਮੈਂ ਲਿਖਿਆ ਆਪੇ
ਬਾਹਰ ਗ਼ਮਾਂ ਦਾ ਜੱਥਾ ਬੈਠਾ
‘ਅਰਸ਼ਦ’ ਡਰਦਾ ਲੁਕਿਆ ਆਪੇ