ਆਪਣੇ ਵਿਚਕਾਰ ਦੂਰੀ ਰਹਿਣ ਦੇ।
ਏਸ ਰਿਸ਼ਤੇ ਨੂੰ ਸਦੀਵੀ ਰਹਿਣ ਦੇ।
ਆਉਣ ਦੇ ਕਮਰੇ 'ਚ ਕੁਝ ਤਾਜ਼ੀ ਹਵਾ,
ਕੋਈ ਇਕ ਖਿੜਕੀ ਤਾਂ ਖੁਲ੍ਹੀ ਰਹਿਣ ਦੇ।
ਰਹਿਣ ਦੇ ਜ਼ਿੰਦਾ ਪੁਰਾਣੀ ਨਸਲ ਨੂੰ,
ਘਰ ਦੇ ਇਕ ਗਮਲੇ 'ਚ ਤੁਲਸੀ ਰਹਿਣ ਦੇ।
ਭੁੱਲਿਆਂ ਜਿਸਨੂੰ ਜ਼ਮਾਨਾ ਹੋ ਗਿਆ,
ਰਹਿਣ ਦੇ ਤੂੰ ਬਾਤ ਉਸਦੀ ਰਹਿਣ ਦੇ।
ਉਸਦੀ ਖ਼ਾਮੋਸ਼ੀ ਦਾ ਕੁਝ ਮਤਲਬ ਸਮਝ,
ਬਾਤ ਸੁਣ ਉਸਦੀ ਤੂੰ ਅਪਣੀ ਰਹਿਣ ਦੇ।