ਆਪਣੇ ਯਾਰ ਪਿਆਰੇ ਅੱਗੇ

ਆਪਣੇ ਯਾਰ ਪਿਆਰੇ ਅੱਗੇ ਜਿੰਦੇ ਦੁੱਖੜੇ ਫੋਲ ।

ਐਵੇਂ ਥਾਂ- ਥਾਂ ਦਰਦ ਸੁਣਾਕੇ ਆਪਣਾ ਆਪ ਨਾ ਰੋਲ ।

ਤੇਰੀਆਂ ਗੁੱਝੀਆਂ ਪੀੜਾਂ ਤਾਹੀਉਂ ਛੱਡਣਾ ਤੇਰੇ ਤੀਕ,

ਨਜ਼ਰਾਂ ਨਾਲ ਟਕੋਰਾਂ ਕਰਸੀ, ਜਦ ਉਹ ਬਹਿ ਕੇ ਕੋਲ ।

ਤੇਰੀ ਮਰਜ਼ੀ ਜ਼ੋਰ ਨਾ ਮਾਹੀਆ ਤੂੰ ਮਾਲਕ ਮੁਖ਼ਤਾਰ,

ਤੂੰ ਚਾਹਵੇਂ ਤਾਂ 'ਯੂਸਫ਼' ਤਾਂਈ ਦੇਵੇਂ ਅੱਟੀਉਂ ਤੋਲ ।

ਸਾਰੀ ਉਮਰ ਖ਼ਿਆਲਾਂ ਦੇ ਵਿਚ ਕੀਤਾ ਜਿਸ ਨੂੰ ਪਿਆਰ,

ਰੱਜ ਕੇ ਵੇਖ ਲਵਾਂ ਉਹ ਮੁੱਖੜਾ ਬੂਹਾ ਸੱਜਣਾ ਖੋਲ੍ਹ ।

ਚੰਨ ਸੂਰਜ ਇਹ ਤਾਰੇ ਧਰਤੀ, ਇਹ ਕਲੀਆਂ ਇਹ ਫੁੱਲ,

ਤੇਰੀ ਇਕ ਅਦਾ ਦਾ ਸਦਕਾ ਲਗਦਾ ਮੇਰੇ ਢੋਲ ।

'ਸ਼ਾਕਿਰ' ਉਸ ਦਰਵਾਜ਼ੇ ਦਾ ਮੈਂ, ਮੰਗਤਾ ਰਹਵਾਂ ਹਮੇਸ਼,

ਦੇ ਕੇ ਖ਼ੈਰ ਤੇ ਪੁੱਛਣ ਜਿੱਥੇ ਹੋਰ ਵੀ ਅੱਗੇ ਬੋਲ ।

📝 ਸੋਧ ਲਈ ਭੇਜੋ