ਅਪਣੀ ਅਲਖ ਮੁਕਾਈ ਹੈ

ਅਪਣੀ ਅਲਖ ਮੁਕਾਈ ਹੈ। 

ਤੇਰੀ ਖ਼ੈਰ ਮਨਾਈ ਹੈ ।

ਉਹ ਭਾਵੇਂ ਹਰਜਾਈ ਹੈ ।

ਦਿਲ ਉਹਦਾ ਸ਼ੈਦਾਈ ਹੈ ।

ਭੜਕੇ ਭੜਕੇ ਫਿਰਦੇ ਹੋ 

ਕਿਸ ਨੇ ਲੂਤੀ ਲਾਈ ਹੈ ?

ਅਧਵਾਟੇ ਮਰਿਆ ਆਸ਼ਕ 

ਉਸਨੇ ਤੋੜ ਨਿਭਾਈ ਹੈ ।

ਤੇਰੇ ਨਾਲ ਬਹਾਰ ਗਈ 

ਕੈਸੀ ਪਤਝੜ ਆਈ ਹੈ!

ਇਕ ਥਾਂ ਕ਼ੈਦ ਕਿਵੇਂ ਹੋਵੇ 

ਹਰਜਾਈ ਹਰਜਾਈ ਹੈ।

ਰੋਕੋ ਓਸ ਸੁਦਾਈ ਨੂੰ 

ਉਹ ਕਿਸਦਾ ਸ਼ੈਦਾਈ ਹੈ ?

ਤੇਰੀ ਯਾਦ ਨੇ ਓ ਜ਼ਾਲਮ 

ਮੇਰੀ ਹੋਸ਼ ਭੁਲਾਈ ਹੈ।

ਪਰਦਾ ਰਖਿਆ ਹੈ ਤੇਰਾ

ਦਿਲ ਵਿਚ ਯਾਦ ਲੁਕਾਈ ਹੈ।

ਯਾਰ ਗਇਆ ਕੀ ਦੁਨੀਆਂ ਚੋਂ 

ਮੇਰੀ ਸ਼ਾਮਤ ਆਈ ਹੈ।

ਮੌਤ ਆਏ ‘ਹਮਦਰਦ' ਉਸਨੂੰ 

ਜਿਸ ਨੇ ਮੌਤ ਬਣਾਈ ਹੈ।

📝 ਸੋਧ ਲਈ ਭੇਜੋ