ਆਪਣੀ ਚਾਲੇ ਚੱਲਦਾ ਚੱਲ

ਆਪਣੀ ਚਾਲੇ ਚੱਲਦਾ ਚੱਲ। 

ਦਿਲ ਤੇ ਨਾਂ ਕੋਈ ਲਾਵੀਂ ਗੱਲ। 

ਆਪਣੇ ਆਪ ਨੂੰ ਮਨਫ਼ੀ ਕਰ ਲੈ, 

ਤਾਂ ਫਿਰ ਦੁਨੀਆਂ ਤੇਰੇ ਵੱਲ। 

ਖੁਦ ਨੂੰ ਮਾਰ ਕੇ ਭਟਕੀ ਜਾਣਾ, 

ਮਰਨਾ ਦੱਸ ਕਿੱਥੋਂ ਦਾ ਹੱਲ। 

ਬਿਨ ਬੋਲੇ ਉਹ ਸਭ ਹੀ ਜਾਣੇ, 

ਫਿਰ ਕਿਸ ਲਈ ਨੇ ਬਾਂਗਾਂ ਟੱਲ। 

ਜੇ ਕੁਝ ਕਰਨਾ ਪੁੱਛ ਨਾ ਪਾਂਧਾ, 

ਨਾ ਕਰ ਐਵੇਂ ਤੂੰ ਅੱਜ- ਕੱਲ੍ਹ। 

ਆਪਣੇ ਬਾਰੇ ਕੁਝ ਨਾ ਜਾਣਨ, 

ਜਿਹੜੇ ਵਾਲ ਦੀ ਲਾਹੁੰਦੇ ਖੱਲ ।

ਵਾਰੋ-ਵਾਰੀ ਸਭ ਤੁਰ ਜਾਣੇ, 

ਖੱਬੀ ਖਾਂ ਕੋਈ ਭਾਵੇਂ ਮੱਲ। 

ਜਾਤਾਂ ਧਰਮਾਂ ਦੇ ਨਾਂ ਉੱਤੇ,

ਕਮਲੇ ਜਾਣ ਖਲਾਰੀ ਝੱਲ।

ਭਟਕੀ ਦੁਨੀਆਂ ਰਾਹੇ ਪੈ ਜਾਏ,

ਰੱਬਾ ਐਸਾ ਰਹਿਬਰ ਘੱਲ।

📝 ਸੋਧ ਲਈ ਭੇਜੋ