ਆਪਣੀ ਸੰਗਤ ਦੇ ਨਿੱਘ ਅੰਦਰ ਦੋ ਦਿਨ ਹਾਸਾ ਕਰਕੇ ।
ਤੂੰ ਵੀ ਸਾਨੂੰ ਛੱਡ ਜਾਣਾ ਏਂ ਹੋਰ ਉਦਾਸਾ ਕਰਕੇ ।
ਇਹ ਵੇਲਾ ਵੀ ਆਉਣੈਂ ਪਰ ਇਹ ਵੇਲਾ ਕਦੀ ਨਾ ਆਵੇ,
ਲੰਘਣ ਕਿਰਨਾਂ ਜਦ ਇਕ ਦੂਜੇ ਕੋਲੋਂ ਪਾਸਾ ਕਰਕੇ ।
ਕੱਚੀ ਉਡਣੀ ਉੱਡਣ ਦੇ ਇਸ ਸ਼ੌਕ ਨੇ ਔਖਾ ਕੀਤਾ,
ਭੰਨ ਲਏ ਆਪਣੇ ਖੰਭ ਹਵਾਵਾਂ ਤੇ ਭਰਵਾਸਾ ਕਰਕੇ ।
ਨਾਲੇ ਭਰਮ ਗਵਾਇਆ ਆਪਣਾ ਨਾਲੇ ਮਾਨ ਵੀ ਟੁੱਟਾ,
ਲੱਭਿਆ ਕੀ ਉਸ ਥੋੜ ਦਿਲੇ ਦੇ ਅੱਗੇ ਕਾਸਾ ਕਰਕੇ ।
ਮੈਂ ਗਿਰਝਾਂ ਦੇ ਕੋਲੋਂ ਆਪਣਾ ਆਪ ਬਚਾਕੇ 'ਅੰਜੁਮ',
ਚਿੜੀਆਂ ਅੱਗੇ ਪਾ ਦਿੱਤਾ ਏ ਮਾਸਾ-ਮਾਸਾ ਕਰਕੇ ।