ਆਪਣੀ ਸੰਗਤ ਦੇ ਨਿੱਘ ਅੰਦਰ ਦੋ ਦਿਨ ਹਾਸਾ ਕਰਕੇ
ਤੂੰ ਵੀ ਸਾਨੂੰ ਛੱਡ ਜਾਣਾ ਏ ਹੋਰ ਉਦਾਸਾ ਕਰਕੇ
ਇਹ ਵੇਲਾ ਵੀ ਆਉਣਾ ਪਰ ਇਹ ਵੇਲਾ ਕਦੀ ਨਾ ਆਵੇ
ਲੰਘਿਆ ਕਰਨਾ ਜਦ ਇੱਕ ਦੂਜੇ ਕੋਲੋਂ ਪਾਸਾ ਕਰਕੇ
ਨਾਲੇ ਭਰਮ ਗਵਾਇਆ ਆਪਣਾ ਨਾਲੇ ਮਾਣ ਵੀ ਟੁੱਟਾ
ਲੱਭਿਆ ਕੀ ਓਸ ਥੋੜ੍ਹ ਦਿਲੇ ਦੇ ਅੱਗੇ ਕਾਸਾ ਕਰਕੇ
ਮੈਂ ਗਿਰਝਾਂ ਦੇ ਕੋਲੋਂ ਆਪਣਾ ਆਪ ਬਚਾ ਕੇ 'ਅੰਜੁਮ'
ਚਿੜੀਆਂ ਅੱਗੇ ਪਾ ਦਿੱਤਾ ਏ ਮਾਸਾ ਮਾਸਾ ਕਰਕੇ