ਯਾਦਗਾਰ ਆਪਣੀ ਦਾ ਜਿਹੜੀ ਮੈਂ ਆਪਣੇ ਆਪ ਬਣਾਈ
ਹੱਥਾਂ ਨਾਲ ਨਾ ਹਰਗਿਜ਼ ਕੀਤੀ ਗਈ ਉਸਾਰੀ ਜਿਸ ਦੀ
ਉਸ ਨੂੰ ਜਾਂਦੀ ਪਗਡੰਡੀ ਤੇ ਘਾਹ ਨਹੀਂ ਉਗਦਾ ਭਾਈ
ਅਲੇਕਸਾਂਦਰ ਦੀ ਲਾਠ ਨਾਲੋਂ ਇਹ ਗਿੱਠ ਭਰ ਉੱਚੀ ਦਿਸਦੀ ।
ਨਹੀਂ, ਮੈਂ ਸਾਰਾ ਨਹੀਂ ਮਰਾਂਗਾ, ਕਵਿਤਾ ਅੰਦਰ ਮੇਰੀ
ਰੂਹ ਮੇਰੀ ਨੇ, ਰਾਖ ਮੇਰੀ ਤੋਂ ਵਧ ਸਮੇਂ ਤੱਕ ਜੀਣਾ
ਓਸ ਘੜੀ ਤੱਕ ਜੱਗ ਤੇ ਮੇਰੀ ਮਹਿਮਾ ਬਣੀ ਰਹੇਗੀ
ਜਦ ਤਕ ਕਾਵਿ-ਜਗਤ ਦੇ ਅੰਦਰ ਕੁਝ ਵੀ ਹੋਣਾ ਥੀਣਾ ।
ਮੇਰੀਆਂ ਧੁੰਮਾਂ ਪੈ ਜਾਣੀਆਂ ਰੂਸ ਦੇਸ ਵਿਚ ਸਾਰੇ
ਹਰ ਇਕ ਜੀਭਾ ਉੱਤੇ ਮੇਰੇ ਨਾਂ ਦੇ ਚਰਚੇ ਹੋਣੇ
ਗੌਰਵਸ਼ੀਲ ਸਲਾਵੀ ਨਸਲਾਂ, ਫਿਨ, ਤੇ ਜੰਗਲੀ ਭਾਰੇ
ਤੁੰਗੁਸ, ਨਾਲੇ ਕਾਲਮੀਕ ਜੋ ਦੋਸਤ ਸਤੇਪੀ ਦੇ ਨੇ ।
ਚਿਰ ਤੱਕ ਲੋਕਾਂ ਰਖਣਾ ਮੈਨੂੰ ਦਿਲ ਦੇ ਤਖ਼ਤ ਬਿਠਾਇਆ
ਕਿ ਮੇਰੀ ਵੀਣਾ ਨੇ ਟੁੰਬ ਕੇ ਭਾਵ ਜਗਾਇਆ ਸੁੱਚਾ
ਕਿ ਮੈਂ ਗੀਤ ਆਜ਼ਾਦੀ ਦਾ ਇਸ ਜ਼ਾਲਮ ਜੁਗ ਵਿਚ ਗਾਇਆ
ਅਤੇ ਡਿਗਿਆਂ ਲਈ ਦਇਆ ਦਾ ਨਾਹਰਾ ਕੀਤਾ ਉੱਚਾ ।
ਨਾ ਤੂੰ ਕਰ ਤਾਜ ਦੀ ਇੱਛਾ ਨਾ ਠੇਸ ਤੋਂ ਡਰ ਤੂੰ
ਹੇ ਕਲਾ ਦੀ ਦੇਵੀ ਆਪਣਾ ਰੱਬੀ ਹੁਕਮ ਪਛਾਣ
ਨਾ ਭੰਡੀ ਦੀ, ਨਾ ਵਡਿਆਈ ਦੀ ਚਿੰਤਾ ਹੀ ਕਰ ਤੂੰ
ਨਾ ਉਹਨਾਂ ਦੇ ਨਾਲ ਉਲਝ ਤੂੰ ਜੋ ਮੂਰਖ ਅਣਜਾਣ ।